ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਕਤੂਬਰ
ਸਨਅਤੀ ਸ਼ਹਿਰ ਵਿੱਚ ਪੱਖੋਵਾਲ ਰੋਡ ’ਤੇ ਬਣਨ ਵਾਲੇ ਅਟਲ ਅਪਾਰਟਮੈਂਟ ਦਾ ਨਾਂ ਹੁਣ ਸਾਹਿਰ ਲੁਧਿਆਣਵੀ ਅਪਾਰਟਮੈਂਟ ਐਲਾਨਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਏ ਹਨ। ਇਸ ਅਪਾਰਮੈਂਟ ਦਾ ਨਾਂ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ ਸੀ, ਜਿਸ ਨੂੰ ਹੁਣ ਕਾਂਗਰਸੀ ਚੇਅਰਮੈਨ ਨੇ ਬਦਲ ਸਾਹਿਰ ਲੁਧਿਆਣਵੀਂ ਦੇ ਨਾਂ ਕਰਨ ਦਾ ਮਤਾ ਪਾਸ ਕਰ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਲੁਧਿਆਣਾ ਦੇ ਭਾਜਪਾ ਆਗੂ ਵਿਨੀਤ ਪਾਲ ਸਿੰਘ ਮੌਂਗਾ ਦੀ ਅਗਵਾਈ ’ਚ ਤਿੰਨ ਮੈਂਬਰੀ ਵਫ਼ਦ ਨੇ ਅਟਲ ਅਪਾਰਟਮੈਂਟਸ ਦੇ ਨੀਂਹ ਪੱਥਰ ਅੱਗੇ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਖਿਲਾਫ਼ ਸ਼ਾਂਤਮਈ ਧਰਨਾ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਅਟਲ ਅਪਾਰਟਮੈਂਟ ਦਾ ਹੀ ਨਾਂਅ ਬਦਲ ਕੇ ਸਾਹਿਰ ਅਪਾਰਟਮੈਂਟ ਰੱਖਿਆ ਗਿਆ ਹੈ। ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਹਿਰ ਲੁਧਿਆਣਵੀਂ ਦੇ ਨਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਕਿਸੇ ਹੋਰ ਨਵੇਂ ਪ੍ਰਾਜੈਕਟ ਦਾ ਨਾਂ ਸਾਹਿਰ ਲੁਧਿਆਣਵੀ ਦੇ ਨਾਂ ’ਤੇ ਰੱਖਿਆ ਜਾ ਸਕਦਾ ਹੈ।
ਮੌਂਗਾ ਨੇ ਇਸ ਬਾਰੇ ਇੱਕ ਸ਼ਿਕਾਇਤ ਡੀਸੀ, ਕਾਰਜਸਾਧਕ ਅਫ਼ਸਰ, ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਮੰਤਰੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਰਾਜਪਾਲ ਪੰਜਾਬ ਨੂੰ ਵੀ ਭੇਜੀ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਨੇ ਇਸ ਨਾਮ ਬਦਲਣ ਦੇ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਭਾਜਪਾ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕਰੇਗੀ।
ਇਸ ਸਬੰਧੀ ਜਦੋਂ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਗ੍ਹਾ ਉਹੀ ਹੈ ਪਰ ਪ੍ਰਾਜੈਕਟ ਹੋਰ ਹੈ ਤੇ ਇਸ ਵਿੱਚ ਐੱਮਆਈਜੀ ਅਤੇ ਐਚ.ਆਈ.ਜੀ ਫਲੈਟ ਬਣਨੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਭਾਜਪਾ ਦੀ ਸੋਚ ਅਟਲ ਦੇ ਸਮੇਂ ਦੀ ਭਾਜਪਾ ਦੀ ਸੋਚ ਤੋਂ ਬਿਲਕੁਲ ਉਲਟ ਤੇ ਵੱਖਰੀ ਹੈ ਤੇ ਇਹ ਸਿਰਫ਼ ਅਟਲ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਹਿਰ ਲੁਧਿਆਣਵੀਂ ਵਿਸ਼ਵ ਪ੍ਰਸਿੱਧ ਹਸਤੀ ਸਨ, ਜਿਨ੍ਹਾਂ ਲੁਧਿਆਣਾ ਦੇ ਨਾਂ ਨੂੰ ਸੰਸਾਰ ਭਰ ’ਚ ਹੋਰ ਗੂੜ੍ਹਾ ਕੀਤਾ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਮਹਾਨ ਹਸਤੀ ਲਈ ਕੁਝ ਕਰੀਏ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਜ਼ਾਹਿਰ ਕੀਤਾ ਰੋਸ
ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਵਿਰੋਧ ਜ਼ਾਹਿਰ ਕੀਤਾ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਨਗਰ ਸੁਧਾਰ ਟਰੱਸਟ ਨੇ ਅਟਲ ਅਪਾਰਟਮੈਂਟ ਦਾ ਨਾਂ ਬਦਲ ਦਿੱਤਾ। ਇਸ ਦੇ ਨਾਲ ਉਹ ਸਿੱਧੇ ਤੌਰ ’ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਦਾ ਅਪਮਾਨ ਕਰ ਰਿਹਾ ਹੈ। ਉਨ੍ਹਾਂ ਨੇ ਟਰੱਸਟ ਨੂੰ ਆਪਣੇ ਫੈਸਲੇ ਦੀ ਸਮੀਖਿਆ ਕਰਨ ਵਾਸਤੇ ਆਖਦਿਆਂ ਕਿਹਾ ਕਿ ਕੁਝ ਹੋਰ ਸਕੀਮਾਂ ਜਾਂ ਪ੍ਰਾਜੈਕਟਾਂ ਦਾ ਨਾਂ ਹੋਰ ਸ਼ਖ਼ਸੀਅਤਾਂ ਦੇ ਨਾਂ ’ਤੇ ਰੱਖ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕਦਾ ਹੈ ਪਰ ਇਸ ਤਰੀਕੇ ਨਾਲ ਕਿਸੇ ਨੂੰ ਵੀ ਅਪਮਾਨ ਕਰਨ ਦਾ ਹੱਕ ਨਹੀਂ ਹੈ।