ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 31 ਮਾਰਚ
ਪੰਜਾਬ ਵਿਚ ਸੱਤਾ ਤਬਦੀਲੀ ਨੂੰ ਕੁਝ ਹੀ ਦਿਨ ਹੋਏ ਹਨ ਕਿ ਹੁਣ ਟਰੱਕ ਯੂਨੀਅਨਾਂ ’ਤੇ ਵੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਅੱਜ ਮਾਛੀਵਾੜਾ ਯੂਨੀਅਨ ਵਿੱਚ ਵੀ ਅਹੁਦਿਆਂ ਨੂੰ ਲੈ ਕੇ ਕਾਟੋ-ਕਲੇਸ਼ ਛਿੜ ਗਿਆ। ਪਿਛਲੀ ਕਾਂਗਰਸ ਸਰਕਾਰ ਵੇਲੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਪਣੇ ਸਮਰਥਕ ਸਰਪੰਚ ਜਸਦੇਵ ਸਿੰਘ ਬਿੱਟੂ ਨੂੰ ਸਮੂਹ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਯੂਨੀਅਨ ਦਾ ਪ੍ਰਧਾਨ ਬਣਾਇਆ ਸੀ ਪਰ ਅੱਜ ਕਰੀਬ 10 ਟਰੱਕ ਅਪਰੇਟਰਾਂ ਨੇ ਆ ਕੇ ਯੂਨੀਅਨ ਵਿੱਚ ਨਵੀਂ ਮੈਨੇਜਮੈਂਟ ਕਮੇਟੀ ਬਣਾਉਣ ਦੀ ਮੰਗ ਕੀਤੀ। ਕਮੇਟੀ ਬਣਾਉਣ ਦੀ ਮੰਗ ਨੂੰ ਲੈ ਕੇ ਯੂਨੀਅਨ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਦੋਹਾਂ ਧਿਰਾਂ ਇੱਕ-ਦੂਸਰੇ ਉੱਤੇ ਦੂਸ਼ਣਬਾਜ਼ੀ ਕਰਨ ਲੱਗ ਪਈਆਂ। ਟਰੱਕ ਅਪਰੇਟਰ ਨਵਦੀਪ ਸਿੰਘ ਅਤੇ ਪੱਪੂ ਗੋਗੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਅੱਜ ਯੂਨੀਅਨ ਵਿੱਚ ਆ ਕੇ ਮੰਗ ਕੀਤੀ ਕਿ ਟਰੱਕ ਅਪਰੇਟਰਾਂ ਦਾ ਕਾਰੋਬਾਰ ਵਧਾਉਣ ਅਤੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਜਾਵੇ ਜਦਕਿ ਪਹਿਲੀ ਕਮੇਟੀ ਦੇ ਪ੍ਰਧਾਨ ਜਸਦੇਵ ਸਿੰਘ ਬਿੱਟੂ ਨੇ ਕਿਹਾ ਕਿ ਸਾਰਾ ਕੰਮ ਬੜੇ ਵਧੀਆ ਢੰਗ ਨਾਲ ਚੱਲ ਰਿਹਾ ਹੈ। ਦੋਹਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਕਿ ਨੌਬਤ ਹੱਥੋਪਾਈ ਤੱਕ ਪਹੁੰਚਦੀ, ਥਾਣਾ ਮੁਖੀ ਵਿਜੈ ਕੁਮਾਰ ਪੁਲੀਸ ਪਾਰਟੀ ਸਮੇਤ ਉੱਥੇ ਪਹੁੰਚ ਗਏ। ਪੁਲੀਸ ਵੱਲੋਂ ਦੋਹਾਂ ਧਿਰਾਂ ਨੂੰ ਸ਼ਾਂਤ ਕਰ ਕੇ ਥਾਣੇ ਲਿਆਂਦਾ ਗਿਆ, ਜਿੱਥੇ ਫੈਸਲਾ ਹੋਇਆ ਕਿ 5 ਅਪਰੈਲ ਨੂੰ ਦੋਵਾਂ ਧਿਰਾਂ ਵੱਲੋਂ ਨਵੀਂ ਮੈਨੇਜਮੈਂਟ ਕਮੇਟੀ ਦਾ ਗਠਨ ਕਰ ਲਿਆ ਜਾਵੇਗਾ।
‘ਆਪ’ ਸਰਕਾਰ ਦੀ ਟਰੱਕ ਯੂਨੀਅਨਾਂ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ: ਦਿਆਲਪੁਰਾ
ਹਲਕਾ ਸਮਰਾਲਾ ਤੋਂ ਆਮ ਆਦਮ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਟਰੱਕ ਯੂਨੀਅਨ ਦੇ ਪ੍ਰਬੰਧਾਂ ਵਿੱਚ ਫਿਲਹਾਲ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਅੱਜ ਕੁਝ ਵਿਅਕਤੀ ਉਨ੍ਹਾਂ ਕੋਲ ਟਰੱਕ ਯੂਨੀਅਨ ਮਾਛੀਵਾੜਾ ਦਾ ਮਾਮਲਾ ਲੈ ਕੇ ਆਏ ਸਨ। ਉਨ੍ਹਾਂ ਨੂੰ ਕੁਝ ਸਮਾਂ ਰੁਕਣ ਲਈ ਕਿਹਾ ਗਿਆ ਸੀ ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਟਰੱਕ ਯੂਨੀਅਨਾਂ ਬਾਰੇ ਕੋਈ ਨਿਰਦੇਸ਼ ਨਹੀਂ ਆਏ ਹਨ।