ਪੱਤਰ ਪ੍ਰੇਰਕ
ਜਗਰਾਉਂ, 30 ਜੁਲਾਈ
ਬੀਤੇ ਦਿਨ ਨਗਰ ਕੌਂਸਲ ਜਗਰਾਉਂ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੂੜਾ ਚੁੱਕਣ ਵਾਲੀਆਂ ਤਿੰਨ ਅਧੁਨਿਕ ਗੱਡੀਆਂ ਸੌਂਪਣ ਲਈ ਸਮਾਗਮ ਕਰਵਾਇਆ ਗਿਆ ਸੀ। ਇਸ ਨੂੰ ਲੈ ਕੇ ਬਾਅਦ ’ਚ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਸਾਥੀ ਕੌਂਸਲਰਾਂ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਆਖਿਆ ਕਿ ਜਿਹੜੀਆਂ ਗੱਡੀਆਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਮੌਜੂਦਾ ਸਰਕਾਰ ਵੱਲੋਂ ਦੇਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਦਾ ਮਤਾ ਨਗਰ ਕੌਂਸਲ ਟੀਮ ਵੱਲੋਂ 2019 ਦਾ ਪਾਇਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਕੰਮ ਕੀਤਾ ਹੀ ਨਹੀਂ, ਉਸਦਾ ਲਾਹਾ ਲੈਣਾ ਗਲਤ ਹੈ। ਟੀਮ ਅਨੁਸਾਰ ਇਹ ਗੱਡੀਆਂ ਨਗਰ ਕੌਂਸਲ ਕੈਂਪਸ ’ਚ ਇੱਕ ਕਮਰੇ ’ਚ ਬੰਦ ਸਨ, ਜਿਨ੍ਹਾਂ ਦੇ ਜਿੰਦਰੇ ਭੰਨ੍ਹ ਕੇ ਬਾਹਰ ਕੱਢਿਆ ਗਿਆ ਹੈ। ਅੱਜ ਇਸ ਮਾਮਲੇ ’ਚ ਉਦੋਂ ਨਵਾਂ ਮੋੜ ਆਇਆ ਜਦੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਇੱਕ ਸਰਕਾਰੀ ਪੱਤਰ ਦੀ ਕਾਪੀ ਜਾਰੀ ਕਰਦਿਆਂ ਆਖਿਆ ਗਿਆ ਕਿ ਕੂੜਾ ਢਾਉਣ ਵਾਲੀਆਂ ਟਾਟਾ ‘ਏਸ’ ਗੱਡੀਆਂ ਤਿੰਨ ਨਹੀਂ ਪੰਜ ਮਨਜ਼ੂਰ ਹੋਈਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਬੀਤੇ ਬੀਤੇ ਦਿਨ ਕੌਂਸਲ ਅਮਲੇ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਦੋ ਹੋਰ ਆਉਣੀਆਂ ਬਾਕੀ ਹਨ। ਇਨ੍ਹਾਂ ਗੱਡੀਆਂ ਦੀ ਕੀਮਤ 37,50000 ਰੁਪਏ ਹੈ। ਇਸ ਪੱਤਰ ’ਚ ਇੱਕ ਟਰੈਕਟਰ ਲੋਡਰ, ਬਿਲਿੰਗ ਮਸ਼ੀਨ, ਵੇਸਟ ਗਰਾਂਈਡਰ ਤੋਂ ਇਲਾਵਾ ਇੱਕ ਸੀਵਰੇਜ ਲਈ ਵੱਡੀ ਕਰੀਬ 20 ਲੱਖ ਦੀ ਮਸ਼ੀਨ ਦਾ ਵੀ ਵੇਰਵਾ ਦਿੱਤਾ ਗਿਆ ਹੈ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੱਤਰ ਸਾਫ ਕਰਦਾ ਹੈ ਕਿ ਇਨ੍ਹਾਂ ਲੋੜੀਂਦੇ ਸਾਧਨਾਂ ਦੀ ਪ੍ਰਵਾਨਗੀ ਲਈ ਕਦੋਂ ਕੀ ਜਾਰੀ ਹੋਇਆ ਹੈ।