ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 1 ਫਰਵਰੀ
ਕੈਪਟਨ ਸੰਦੀਪ ਸਿੰਘ ਸੰਧੂ ਨੇ ਪਿੰਡ ਕੋਟਲੀ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਦਾਖਾ ਵਿਚ ਕੰਮ ਕਰਨ ਲਈ ਕੇਵਲ ਢਾਈ ਸਾਲ ਹੀ ਮਿਲੇ ਸਨ ਪਰ ਉਨ੍ਹਾਂ ਥੋੜ੍ਹੇ ਸਮੇਂ ਵਿਚ ਹੀ ਹਲਕੇ ਵਿਚ ਪੌਣੇ ਦੋ ਸੌ ਕਰੋੜ ਰੁਪਏ ਨਾਲ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਹਲਕੇ ਦੇ ਲੋਕਾਂ ਨੇ ਇਸ ਵਾਰ ਪੰਜ ਸਾਲ ਲਈ ਮੌਕਾ ਦਿੱਤਾ ਤਾਂ ਉਹ ਵਿਕਾਸ ਦੀ ਹਨੇਰੀ ਲਿਆ ਦੇਣਗੇ। ਕੈਪਟਨ ਸੰਦੀਪ ਸੰਧੂ ਦੇ ਹਲਕਾ ਦਾਖਾ ਅੰਦਰ ਕਰਵਾਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪੰਚਾਇਤ ਮੈਂਬਰ ਸੁਰਜੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਸਮੇਤ ਕਾਂਗਰਸ ਦਾ ਪੱਲਾ ਫੜ ਲਿਆ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਸਾਬਕਾ ਸਰਪੰਚ ਬਲਵੰਤ ਸਿੰਘ, ਸਾਬਕਾ ਸਰਪੰਚ ਗੁਰਬੰਤ ਸਿੰਘ ਕੋਟਲੀ, ਸਾਬਕਾ ਸਰਪੰਚ ਸੂਰਮਾ ਸਿੰਘ, ਗੁਰਬਚਨ ਸਿੰਘ ਸਾਬਕਾ ਸਰਪੰਚ ਮੌਜੂਦ ਸਨ।
ਵਿਧਾਨ ਸਭਾ ਹਲਕਾ ਦਾਖਾ ਵਿਚ ਲੰਬੇ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਟਕਸਾਲੀ ਕਾਂਗਰਸੀ ਆਗੂ ਪ੍ਰੀਤਮ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਪਰਿਵਾਰ ਅਤੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪ੍ਰੀਤਮ ਸਿੰਘ ਨੇ ਕਿਹਾ ਕਿ ਉਹ ਚਾਰ ਦਹਾਕਿਆਂ ਤੋਂ ਕਾਂਗਰਸੀ ਪਾਰਟੀ ਨਾਲ ਜੁੜੇ ਹੋਏ ਸਨ। ਉਨ੍ਹਾਂ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀਆਂ ਵਧੀਕੀਆਂ ਤੋਂ ਦੁਖੀ ਹੋ ਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਚੱਲਣ ਦਾ ਫ਼ੈਸਲਾ ਕੀਤਾ ਹੈ।