ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਗਸਤ
ਇੱਥੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੇ ਵੱਲੋਂ ਫਿਰੋਜ਼ਪੁਰ ਰੋਡ ’ਤੇ ਦਿਨੋਂ-ਦਿਨ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਲੋਕਾਂ ਨੇ ਹੱਥਾਂ ’ਚ ਮੋਦੀ ਸਰਕਾਰ ਦੇ ਵਿਰੋਧ ਦੀਆਂ ਤਖਤੀਆਂ ਫੜ੍ਹੀਆਂ ਹੋਈਆਂ ਸਨ। ਧਰਨਾਕਾਰੀਆਂ ਦੀ ਅਗਵਾਈ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਨੇ ਕੀਤੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ ਹਨ। ਰੋਜ਼ਾਨਾ ਘਰੇਲੂ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ ਪਰ ਮੋਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ 400 ਵਾਲਾ ਸਿਲੰਡਰ 1100 ਰੁਪਏ ’ਚ ਮਿਲ ਰਿਹਾ ਹੈ ਅਤੇ 40 ਵਾਲਾ ਪੈਟਰੋਲ 105 ਅਤੇ ਡੀਜ਼ਲ 98 ਦੇ ਨੇੜੇ-ਤੇੜੇ ਹੈ। ਇਸ ਵੱਲ ਧਿਆਨ ਦੇਣ ਦੀ ਥਾਂ ਕੇਂਦਰ ਸਰਕਾਰ ਨੇ ਹੁਣ ਕਣਕ ’ਤੇ ਵੀ ਜੀਐੱਸਟੀ ਲਾ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਆਮਦਨ ਘੱਟ ਹੈ ਤੇ ਖਰਚੇ ਵੱਧ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਫੈਸਲੇ ਬਦਲਣੇ ਪੈਣਗੇ। ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਕਾਂਗਰਸ ਪੂਰੀ ਤਰ੍ਹਾਂ ਡਟ ਕੇ ਵਿਰੋਧ ਕਰਦੀ ਹੈ ਤੇ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਗਰਾਉਂ (ਜਸਬੀਰ ਸ਼ੇਤਰਾ): ਇਥੇ ਅੱਜ ਕਾਂਗਰਸ ਨੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਦੀ ਅਗਵਾਈ ਹੇਠ ਮੁੱਖ ਤਹਿਸੀਲ ਚੌਕ ਵਿੱਚ ਦਿੱਤੇ ਗਏ ਧਰਨੇ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਹਿੰਗਾਈ ਨੂੰ ਨੱਥ ਪਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਸੋਨੀ ਗਾਲਬਿ ਨੇ ਕਿਹਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਮੁੱਦਾ ਬਣਾ ਕੇ ਸੱਤਾ ’ਚ ਆਏ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਦੇ ਰਾਜ ’ਚ ਇਹ ਦੋਵੇਂ ਚੀਜ਼ਾਂ ਕਈ ਗੁਣਾਂ ਵਧੀਆਂ ਹਨ। ਇਕ ਪਾਸੇ ਲੋਕਾਂ ਤੋਂ ਰੁਜ਼ਗਾਰ ਖੁੱਸ ਰਹੇ ਹਨ ਤੇ ਦੂਜੇ ਪਾਸੇ ਮਹਿੰਗਾਈ ਲੱਕ ਤੋੜ ਰਹੀ ਹੈ। ਧਰਨੇ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ, ਈਸ਼ਵਰਜੋਤ ਚੀਮਾ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਸੰਬੋਧਨ ਕੀਤਾ।
ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਅਪੀਲ
ਖੰਨਾ (ਜੋਗਿੰਦਰ ਿਸੰਘ ਉਬਰਾਏ): ਕੇਂਦਰ ਸਰਕਾਰ ਵੱਲੋਂ ਦਿਨੋਂ-ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਅੱਜ ਇਥੇ ਬੀਜਾ ਚੌਕ ਵਿਖੇ ਕਾਂਗਰਸੀ ਵਰਕਰਾਂ ਨੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਧਰਨਾ ਲਾਇਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਹਿੰਗਾਈ ਵਧਾ ਕੇ ਮੱਧ ਤੇ ਗਰੀਬ ਵਰਗ ਦੇ ਢਿੱਡ ’ਤੇ ਲੱਤ ਮਾਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਗਰੀਬ ਵਰਗ ਨੂੰ ਬਚਾਉਣ ਲਈ ਕੋਈ ਯਤਨ ਨਹੀਂ ਕਰ ਰਹੀ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਰੁਪਿੰਦਰ ਸਿੰਘ ਰਾਜਾਗਿੱਲ ਨੇ ਕਿਹਾ ਕਿ ਪਹਿਲਾਂ ਹੀ ਕਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਮਗਰੋਂ ਹੁਣ ਤੱਕ ਆਮ ਵਰਗ ਮੁੜ ਲੀਹ ’ਤੇ ਨਹੀਂ ਆ ਸਕਿਆ ਅਤੇ ਉੱਤੋਂ ਦਿਨੋਂ-ਦਿਨ ਵਧ ਰਹੀ ਮਹਿੰਗਾਈ ਦੀ ਮਾਰ ਕਾਰਨ ਹਰ ਵਿਅਕਤੀ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਹਿੰਗਾਈ ’ਤੇ ਠੱਲ੍ਹ ਪਾਉਣ ਲਈ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ।