ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਗਸਤ
ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਮਾਮਲੇ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰਾਂ ਵੱਲੋਂ ਗਵਰਨਰ ਨੂੰ ਮਿਲ ਕੇ ਸੀਬੀਆਈ ਜਾਂਚ ਕਰਵਾਉਣ ਤੇ ਇਸ ਮਾਮਲੇ ਵਿਚ ਆਪਣੀ ਹੀ ਸਰਕਾਰ ਅਤੇ ਪਾਰਟੀ ਪ੍ਰਧਾਨ ’ਤੇ ਜੋ ਤਿੱਖੇ ਹਮਲੇ ਕੀਤੇ ਜਾ ਰਹੇ ਹਨ, ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਦੇ ਕਾਂਗਰਸੀ ਆਗੂ ਸਮਸ਼ੇਰ ਸਿੰਘ ਦੂਲੋ ਦੇ ਘਰ ਦਾ ਘਿਰਾਓ ਕਰਨ ਪੁੱਜ ਰਹੇ ਹਨ। ਅੱਜ ਤੀਜੀ ਵਾਰ ਬਲਾਕ ਕਾਂਗਰਸ ਦੇ ਪ੍ਰਧਾਨ ਜਤਿੰਦਰ ਪਾਠਕ ਦੀ ਅਗਵਾਈ ਹੇਠ ਕਾਂਰਗਸੀ ਆਗੂ ਸਮਰਾਲਾ ਰੋਡ ਤੋਂ ਪੈਦਲ ਸ੍ਰੀ ਦੂਲੋ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦੇ ਘਰ ਪੁੱਜੇ, ਜਿੱਥੇ ਪੁਲੀਸ ਨੇ ਪਹਿਲਾਂ ਹੀ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਵਾਪਸ ਭੇਜਿਆ। ਇਸ ਮੌਕੇ ਉਨ੍ਹਾਂ ਦੇ ਹੱਥਾਂ ਵਿਚ ਫੜੀਆਂ ਤਖ਼ਤੀਆਂ ਤੇ ਦੂਲੋ ਨੂੰ ਭਾਜਪਾ ਤੇ ‘ਆਪ’ ਦਾ ਏਜੰਟ ਦੱਸਿਆ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਬੋਲਦਿਆਂ ਵਿਕਾਸ ਮਹਿਤਾ ਨੇ ਕਿਹਾ ਕਿ ਜਿਨ੍ਹਾਂ ਨੂੰ ਪਾਰਟੀ ਨੇ ਅੱਜ ਤੱਕ ਅਹਿਮ ਅਹੁਦੇ ਪ੍ਰਦਾਨ ਕੀਤੇ, ਉਹ ਅੱਜ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਜਾਂਚ ਤੋਂ ਕੋਈ ਤਕਲੀਫ਼ ਨਹੀਂ ਹੈ, ਪਰ ਜੋ ਆਗੂਆਂ ਵੱਲੋਂ ਪਾਰਟੀ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਸ੍ਰੀ ਦੂਲੋ ਨੂੰ ਪਾਰਟੀ ਦੇ ਸਿਧਾਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ।