ਦੇਵਿੰਦਰ ਸਿੰਘ ਜੱਗੀ
ਪਾਇਲ, 15 ਅਕਤੂਬਰ
ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਦੀ ਖਬਰ ਪਾਈ ਗਈ, ਜੋ ਕੁੱਝ ਸਮੇਂ ਬਾਅਦ ਹੀ ਫੇਸਬੁੱਕ ਪੇਜ ਤੋਂ ਹਟਾਈ ਦਿੱਤੀ ਗਈ, ਜੋ ਬਾਅਦ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਇਸ ਮਾਮਲੇ ਸਬੰਧੀ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਰੁਖਸਤ ਹੋਣ ਦਾ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰੀ ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਦੇਸ਼ ਅਤੇ ਸਮਾਜ ਦੇ ਸੂਝਵਾਨ ਬੁੱਧੀਜੀਵੀ ਅਤੇ ਆਮ ਲੋਕ ਉਨ੍ਹਾਂ ਵੱਲੋਂ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਹੋਏ ਅਰਦਾਸਾਂ ਕਰ ਰਹੇ ਹਨ, ਦੂਜੇ ਪਾਸੇ ਪੰਜ ਸਾਲ ਤੋਂ ਹਲਕਾ ਪਾਇਲ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਲੰਮਾਂ ਸਮਾਂ ਕੋਟਲੀ ਪਰਿਵਾਰ ਦਾ ਸਿਆਸੀ ਸਕੱਤਰ ਰਹਿਣ ਵਾਲੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਗੈਰ-ਜ਼ਿੰਮੇਵਾਰਾਨਾ ਪੋਸਟ ਪਾ ਕੇ ਡਾਕਟਰ ਮਨਮੋਹਨ ਸਿੰਘ ਨੂੰ ਸਵੇਰੇ 11 ਵਜੇ ਫੇਸਬੁੱਕ ਅਕਾਊਂਟ ’ਤੇ ਅਲਵਿਦਾ ਆਖ ਦਿੱਤਾ।
ਮੇਰੇ ਪੀਏ ਵੱਲੋਂ ਅਣਗਹਿਲੀ ਨਾਲ ਪਾਈ ਗਈ ਪੋਸਟ: ਲੱਖਾ
ਜਦੋਂ ਇਸ ਸਬੰਧੀ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੋਸਟ ਉਨ੍ਹਾਂ ਦੇ ਪੀਏ ਵੱਲੋਂ ਅਣਗਹਿਲੀ ਨਾਲ ਪਾਈ ਗਈ ਹੈ।