ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਮਈ
ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਲੁਧਿਆਣਾ ਸ਼ਹਿਰੀ ਤਹਿਸੀਲ ਕਮੇਟੀ ਦੀ ਕਾਨਫ਼ਰੰਸ ਪਵਨ ਕੁਮਾਰ, ਤਹਿਸੀਲਦਾਰ ਯਾਦਵ, ਪ੍ਰੋਫੈਸਰ ਸੁਰਿੰਦਰ ਕੌਰ ਅਤੇ ਸੁਦੇਸ਼ਵਰ ਤਿਵਾੜੀ ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੂਬਾ ਕਮੇਟੀ ਮੈਂਬਰ ਕਾਮਰੇਡ ਅਮਰਜੀਤ ਮੱਟੂ, ਪਰਮਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਤੇ ਪ੍ਰੋਫੈਸਰ ਜੈਪਾਲ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਵੱਲੋਂ ਫ਼ਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਵਲੋਂ ਕਿਰਤੀ ਜਮਾਤ ਨੂੰ ਵੰਡ ਕੇ ਦੇਸ਼ ਦੇ ਸਾਰੇ ਸਰੋਤ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਵਿਰੁੱਧ ਸੁਚੇਤ ਕੀਤਾ ਗਿਆ ਅਤੇ ਆਮ ਲੋਕਾਂ ’ਚ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪਾਰਟੀ ਦੀਆਂ ਸਥਾਨਕ ਇਕਾਈਆਂ ਨੂੰ ਰਾਜਸੀ ਵਿਚਾਰਧਾਰਕ ਤੇ ਜਥੇਬੰਦਕ ਤੌਰ ’ਤੇ ਹੋਰ ਮਜ਼ਬੂਤ ਕਰਨ ਦਾ ਕਾਰਜ ਵੀ ਉਲੀਕਿਆ।
ਇਸ ਮੌਕੇ ਜਥੇਬੰਦੀ ਦਾ ਕੰਮ ਚਲਾਉਣ ਲਈ 14 ਮੈਂਬਰੀ ਕਮੇਟੀ ਪ੍ਰਧਾਨ ਸਾਥੀ ਬਲਰਾਮ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਜਿਸਦੇ ਸਕੱਤਰ ਸਾਥੀ ਚਮਨ ਲਾਲ ਤੇ ਖਜ਼ਾਨਚੀ ਮਾਸਟਰ ਦਰਸ਼ਨ ਸਿੰਘ ਚੁਣੇ ਗਏ। ਕਮੇਟੀ ਮੈਂਬਰਾਂ ਵਿੱਚ ਪ੍ਰੋਫੈਸਰ ਸੁਰਿੰਦਰ ਕੌਰ, ਗੁਰਜੀਤ ਸਿੰਘ, ਅਜੀਤ ਕੁਮਾਰ, ਸੁਦੇਸ਼ਵਰ ਤਿਵਾੜੀ, ਤਹਿਸੀਲਦਾਰ ਯਾਦਵ, ਮਨੋਹਰ ਲਾਲ, ਪਵਨ ਕੁਮਾਰ, ਮਲਕੀਤ ਸਿੰਘ, ਹੀਰਾ ਲਾਲ, ਹਰਜੀਤ ਸਿੰਘ ਅਤੇ ਹਰਮੇਸ਼ ਬਾਬੂ ਨੂੰ ਸ਼ਾਮਲ ਕੀਤਾ ਗਿਆ।
ਕਾਨਫਰੰਸ ਦੀ ਸ਼ੁਰੂਆਤ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਜਗਦੀਸ਼ ਕੁਮਾਰ ਨੇ ਪਿਛਲੇ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਲੋਕ-ਘੋਲਾਂ ’ਚ ਸ਼ਹੀਦ ਹੋਏ ਸਾਥੀਆਂ ਅਤੇ ਸਥਾਨਕ ਪਾਰਟੀ ਆਗੂਆਂ ਗੁਰਮੀਤ ਕੌਰ ਤੇ ਸਾਥੀ ਬੱਗਾ ਸਿੰਘ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।