ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਅਕਤੂਬਰ
ਸਥਾਨਕ ਰੇਲਵੇ ਪਾਰਕ ਕਿਸਾਨ ਮੋਰਚੇ ’ਚ ਅੱਜ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਧਰਨਾ ਦਿੱਤਾ। ਸਭ ਤੋਂ ਪਹਿਲਾਂ ਯੂ.ਪੀ. ਦੇ ਲਖੀਮਪੁਰ ਖੀਰੀ ’ਚ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਗੱਡੀਆਂ ਚੜ੍ਹਾਉਣ ਅਤੇ ਦੋ ਕਿਸਾਨਾਂ ਨੂੰ ਸ਼ਹੀਦ ਕਰਨ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਕਿਸਾਨ ਆਗੂ ਹਰਚੰਦ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਹਰਭਜਨ ਸਿੰਘ ਦੌਧਰ, ਹਰਚੰਦ ਸਿੰਘ ਢੋਲਣ ਆਦਿ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਲੋਕ ਇਨ੍ਹਾਂ ਕਾਰਵਾਈਆਂ ਕਰਕੇ ਸਬਕ ਜ਼ਰੂਰ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ’ਚ ਜ਼ਬਰਦਸਤ ਵਿਰੋਧ ਹੋਣ ਕਾਰਨ ਕੇਂਦਰ ਸਰਕਾਰ ਨੂੰ ਝੋਨੇ ਦੀ 11 ਅਕਤੂਬਰ ਤੱਕ ਟਾਲੀ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਕਰਨੀ ਪਈ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਸਾਨ ਸੰਘਰਸ਼ ਦਾ ਦਬਾਅ ਹੀ ਹੈ ਕਿ ਜਨਤਕ ਦਬਾਅ ਦੇ ਚੱਲਦਿਆਂ ਪਿੰਡਾਂ ’ਚ ਪਾਵਰਕੌਮ ਨੂੰ ਪ੍ਰੀਪੇਡ ਚਿੱਪ ਵਾਲੇ ਮੀਟਰ ਲਾਉਣ ਤੋਂ ਹੱਥ ਪਿੱਛੇ ਖਿੱਚਣੇ ਪਏ ਹਨ।