ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਨਵੰਬਰ
ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਬਾਰੇ ਅਪਸ਼ਬਦ ਬੋਲਣ ਵਾਲਾ ਮੁਲਜ਼ਮ ਅਨਿਲ ਅਰੋੜਾ ਹਾਲੇ ਵੀ ਗ੍ਰਿਫ਼ਤਾਰ ਨਹੀਂ ਹੋਇਆ ਪਰ ਇਸ ਮਾਮਲੇ ਵਿੱਚ ਪੁਲੀਸ ਨੇ ਅਨਿਲ ਅਰੋੜਾ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਮਾਮਲੇ ਦੀ ਜਾਂਚ ਦੌਰਾਨ ਮਿਲੇ ਸਬੂਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁੰਡੀਆਂ ਕਲਾਂ 33 ਫੁੱਟਾ ਰੋਡ ਸਥਿਤ ਨਿਊ ਗੁਰੂ ਨਾਨਕ ਨਗਰ ਵਾਸੀ ਉਮੇਸ਼ ਕੁਮਾਰ ਗਾਂਧੀ ਵਜੋਂ ਹੋਈ ਹੈ। ਪੁਲੀਸ ਪੁੱਛਗਿਛ ਦੌਰਾਨ ਮੁਲਜ਼ਮ ਉਮੇਸ਼ ਨੇ ਦੱਸਿਆ ਕਿ ਅਨਿਲ ਅਰੋੜਾ ਦੀ ਸਾਲੀ ਤੇ ਇਸ ਮਾਮਲੇ ਦੀ ਮੁਲਜ਼ਮ ਸ਼ਾਲੂ ਅਗਰਵਾਲ ਦੇ ਘਰ ਤੋਂ 10 ਲੱਖ ਰੁਪਏ ਨਗਦ ਵੀ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਉਮੇਸ਼ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦਈਏ ਕਿ ਸਾਬਕਾ ਭਾਜਪਾ ਆਗੂ ਅਨਿਲ ਅਰੋੜਾ ਵੱਲੋਂ ਆਪਣੇ ਦੋਸਤਾਂ ਨਾਲ ਸ਼ੋਸ਼ਲ ਮੀਡੀਆ ’ਤੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਬਾਰੇ ਅਪਸ਼ਬਦ ਕਹੇ ਗਏ ਸਨ ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਸਮਰਾਲਾ ਚੌਂਕ ’ਚ ਜਾਮ ਲਾਇਆ ਗਿਆ ਸੀ ਤੇ ਕਈ ਦਿਨ ਤੱਕ ਪ੍ਰਦਰਸ਼ਨ ਹੋਇਆ ਸੀ ਜਿਸ ਤੋਂ ਬਾਅਦ ਪੁਲੀਸ ਨੇ ਕਈ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਅਨਿਲ ਅਰੋੜਾ ਹਾਲੇ ਤੱਕ ਫ਼ਰਾਰ ਹੈ। ਸਿੱਖ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਧਰਨੇ ’ਤੇ ਬੈਠੇ ਨਿਹੰਗ ਸਿੰਘਾਂ ਨੇ ਐਲਾਨ ਕੀਤਾ ਹੈ ਕਿ ਉਹ ਮੰਗਲਵਾਰ ਨੂੰ ਸਵੇਰੇ 9 ਵਜੇ ਸਮਰਾਲਾ ਚੌਂਕ ਜਾਮ ਕਰਨਗੇ।