ਪੱਤਰ ਪ੍ਰੇਰਕ
ਸਮਰਾਲਾ, 17 ਅਕਤੂਬਰ
ਕਮਿਸ਼ਨਰ ਪਟਿਆਲਾ ਡਵੀਜ਼ਨ ਅਰੁਣ ਸੇਖੜੀ ਵੱਲੋਂ ਅੱਜ ਇੱਥੋਂ ਦੇ ਐੱਸਡੀਐੱਮ ਦਫ਼ਤਰ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਇਥੇ ਸਟਾਫ਼ ਦੀ ਘਾਟ ਸਮੇਤ ਤਹਿਸੀਲ ਵਿੱਚ ਲੋਕਾਂ ਨੂੰ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਛੇਤੀ ਹੀ ਦੂਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ 6 ਮਹੀਨੇ ਵਿੱਚ ਸਟਾਫ਼ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ। ਅਰੁਣ ਸੇਖੜੀ ਨੇ ਕਿਹਾ ਕਿ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਸਾਰੇ ਅੜਿੱਕੇ ਜਲਦੀ ਹੀ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਵਿੱਤ ਕਮਿਸ਼ਨਰ (ਮਾਲ) ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਇਮਾਰਤ ਦੀ ਖਸਤਾ ਹਾਲਤ ਦੇ ਮੱਦੇਨਜ਼ਰ ਮੁਰਮੰਤ ਦੇ ਐਸਟੀਮੇਟ ਤੁਰੰਤ ਭੇਜਣ ਲਈ ਕਿਹਾ ਹੈ ਤਾਂ ਜੋ ਵਿੱਤ ਕਮਿਸ਼ਨਰ (ਮਾਲ) ਤੋਂ ਪ੍ਰਵਾਨਗੀ ਲੈ ਕੇ ਇਸ ਇਮਾਰਤ ਦੀ ਮੁਰਮੰਤ ਕਰਵਾਈ ਜਾ ਸਕੇ। ਨੈਸ਼ਨਲ ਹਾਈਵੇਅ ਦੀ ਉਸਾਰੀ ਲਈ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਲੰਬੇ ਸਮੇਂ ਤੋਂ ਵੱਧ ਮੁਆਵਜ਼ੇ ਦੀ ਉਡੀਕ ਵਿੱਚ ਸਾਲਸੀ ਕੇਸਾਂ ਸਬੰਧੀ ਪੁੱਛੇ ਜਾਣ ’ਤੇ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਅਹੁਦਾ ਸੰਭਾਲਣ ਮਗਰੋਂ ਢਾਈ ਮਹੀਨਿਆਂ ’ਚ 200 ਤੋਂ ਵੱਧ ਕੇਸਾਂ ਦਾ ਫੈਸਲਾ ਕਰ ਦਿੱਤਾ ਹੈ। ਇਸ ਮੌਕੇ ਐੱਸਡੀਐੱਮ ਕੁਲਦੀਪ ਬਾਵਾ ਹਾਜ਼ਰ ਸਨ।