ਗਗਨਦੀਪ ਅਰੋੜਾ
ਲੁਧਿਆਣਾ, 17 ਅਗਸਤ
ਸਨਅਤੀ ਸ਼ਹਿਰ ਵਿੱਚ 24 ਘੰਟੇ ਪਾਣੀ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਵਿਸ਼ਵ ਬੈਂਕ ਦੀ ਮਦਦ ਨਾਲ ਹੁਣ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਲਈ ਸਰਕਾਰ ਤੇ ਵਿਸ਼ਵ ਬੈਂਕ ਵਿੱਚ ਕਰਾਰ ਹੋ ਗਿਆ ਹੈ। ਇਸ ਸਬੰਧੀ ਵਿਸ਼ਵ ਬੈਂਕ ਦੇ ਅਧਿਕਾਰੀ ਤੇ ਸਥਾਨਕ ਸਰਕਾਰਾਂ ਦੇ ਪ੍ਰਿੰਸੀਪਲ ਸਕੱਤਰ ਏਕੇ ਸਿਹਨਾ ਨੇ ਹਸਤਾਖਰ ਵੀ ਕਰ ਲਏ ਹਨ। ਇਸ ਸਬੰਧੀ ਮੁੱਖ ਸਕੱਤਰ ਵਿਨੀ ਮਹਾਜਨ ਆਪਣੇ ਪਿਛਲੇ ਦੌਰੇ ਦੌਰਾਨ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਚੁੱਕੀ ਹੈ। ਸਰਕਾਰ ਨੇ ਇਸ ਪ੍ਰਾਜੈਕਟ ਨੂੰ ਤਿੰਨ ਸਾਲਾਂ ਵਿੱਚ ਪੂਰਾ ਕਰਨ ਦੇ ਲਈ ਟੀਚਾ ਮਿੱਥਿਆ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ ਵੱਲੋਂ ਸਰਹਿੰਦ ਨਹਿਰ ਦੇ ਨੇੜੇ ਬਿਲਗਾ ਪਿੰਡ ਨੇੜੇ 50 ਏਕੜ ਜ਼ਮੀਨ ਅਧਿਗ੍ਰਹਿਣ ਕੀਤੀ ਜਾਵੇਗੀ, ਜਿਸਦੇ ਲਈ ਜ਼ਮੀਨ ਲੱਭ ਲਈ ਗਈ ਹੈ, ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਨੂੰ ਐਕੁਵਾਇਰ ਕਰਨ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਜ਼ਮੀਨ ਐਕੁਵਾਇਰ ਕੀਤੀ ਜਾਵੇਗੀ, ਉਸਦੀ ਰਜਿਸਟਰੀ ਨਗਰ ਨਿਗਮ ਦੇ ਨਾਂ ’ਤੇ ਹੁੰਦੀ ਰਹੇਗੀ। ਇਸ ਪ੍ਰਾਜੈਕਟ ਦਾ ਟੈਂਡਰ ਜਲਦ ਹੀ ਲਗਾਇਆ ਜਾਵੇਗਾ। ਇਹ ਪ੍ਰਾਜੈਕਟ ਦੋ ਭਾਗਾਂ ਵਿੱਚ ਹੋਵੇਗਾ। ਪਹਿਲੇ ਭਾਗ ਵਿੱਚ ਬਿਲਗਾ ਪਿੰਡ ਨੇੜੇ 580 ਐੱਮਐੱਲਡੀ ਦਾ ਵਾਟਰ ਟ੍ਰੀਟਮੈਂਟ ਪਲਾਂਟ ਲੱਗੇਗਾ, ਫਿਰ ਪਾਣੀ ਸਟੋਰ ਕਰਨ ਲਈ ਟੈਂਕੀਆਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਦੂਜੇ ਭਾਗ ਵਿੱਚ 2000 ਕਿੱਲੋਮੀਟਰ ਪਾਣੀ ਦੀ ਪਾਈਪ ਵਿਛਾਈ ਜਾਵੇਗੀ। ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ 10 ਘੰਟੇ ਦੀ ਥਾਂ ’ਤੇ 24 ਘੰਟੇ ਪਾਣੀ ਮਿਲੇਗੀ।
ਵਿਸ਼ਵ ਬੈਂਕ ਦੇ ਨਾਲ ਹੋਏ ਕਰਾਰ ਅਨੁਸਾਰ ਇਹ ਪ੍ਰਾਜੈਕਟ ਡਿਜ਼ਾਈਨ ਬਿਲਟ ਆਪਰੇਟ ਐਂਡ ਟ੍ਰਾਂਸਫਰ ਫਾਰਮੂਲੇ ਤਹਿਤ ਤਿਆਰ ਹੋਵੇਗਾ। ਪ੍ਰਾਜੈਕਟ ਨੂੰ ਪੂਰਾ ਹੋਣ ਤੋਂ ਬਾਅਦ ਆਪਰੇਸ਼ਨ ਅਤੇ ਮੈਂਟੇਨੈਂਸ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਦੀ ਹੋਵੇਗੀ। ਇਹ ਪੂਰਾ ਪ੍ਰਾਜੈਕਟ ਨਗਰ ਨਿਗਮ ਦੀ ਦੇਖਰੇਖ ’ਚ ਤਿਆਰ ਹੋਵੇਗਾ। ਠੇਕੇਦਾਰ ਨੂੰ ਰੱਖ ਰਖਾਓ ਦੀ ਜਾਣਕਾਰੀ ਵੀ ਨਿਗਮ ਨੂੰ ਦੇਣੀ ਪਵੇਗੀ।
ਉਧਰ, ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਨਹਿਰੀ ਪ੍ਰਾਜੈਕਟ ਦਾ ਕਰਾਰ ਹੋ ਚੁੱਕਿਆ ਹੈ, ਹੁਣ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਲਦ ਹੀ ਟੈਂਡਰ ਤੇ ਬਾਕੀ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਹਰ ਸਾਲ ਡਿੱਗ ਰਿਹਾ ਹੈ ਇੱਕ ਮੀਟਰ ਪਾਣੀ ਦਾ ਪੱਧਰ
ਲੁਧਿਆਣਾ ਜ਼ਿਲ੍ਹੇ ਦੇ 12 ਬਲਾਕਾਂ ’ਚੋਂ 11 ਬਲਾਕਾਂ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਾਰਕ ਜ਼ੋਨ ’ਚ ਆ ਚੁੱਕਿਆ ਹੈ। ਲੁਧਿਆਣਾ ਸ਼ਹਿਰ ’ਚ ਨਗਰ ਨਿਗਮ ਦੇ 850 ਟਿਊਬਵੈੱਲ ਹਨ, ਜਦੋਂ ਕਿ 20 ਹਜ਼ਾਰ ਤੋਂ ਜ਼ਿਆਦਾ ਸਮਰਸੀਬਲ ਪੰਪ ਹਨ। ਸ਼ਹਿਰ ’ਚ ਰੋਜ਼ਾਨਾ 700 ਐੱਮਐੱਲਡੀ ਤੋਂ ਜ਼ਿਆਦਾ ਪਾਣੀ ਜ਼ਮੀਨ ’ਚੋਂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਹਰ ਸਾਲ ਜ਼ਮੀਨ ਹੇਠੋਂ ਪਾਣੀ ਦਾ ਪੱਧਰ ਇੱਕ ਮੀਟਰ ਤੱਕ ਡਿੱਗ ਰਿਹਾ ਹੈ। ਇਹੀ ਨਹੀਂ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਕਾਰਨ ਹਰ ਸਾਲ ਨਿਗਮ ਦੇ 35 ਤੋਂ 40 ਟਿਊਬਵੈੱਲ ਖਰਾਬ ਹੋ ਰਹੇ ਹਨ।