ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਾਲੰਟੀਅਰਾਂ ਨੇ ‘ਕਲੀਨ ਇੰਡੀਆ ਪ੍ਰੋਗਰਾਮ’ ਤਹਿਤ ਸਫ਼ਾਈ ਮੁਹਿੰਮ ਆਰੰਭ ਕੀਤੀ। ਪੰਜਾਬ ਸਰਕਾਰ ਦੀ ਹੱਲਾਸ਼ੇਰੀ ਤਹਿਤ ਇਹ ਪ੍ਰੋਗਰਾਮ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪਸ਼ੂ ਪੋਸਟਮਾਰਟਮ ਹਾਲ ਅਤੇ ਵਿਗਿਆਨ ਭਵਨ ਦੇ ਦੋ ਕਿਲੋਮੀਟਰ ਆਲੇ ਦੁਆਲੇ ਦੇ ਰੁੱਖਾਂ ਨੂੰ ਚੂਨੇ ਨਾਲ ਕਲੀ ਕੀਤਾ। ਇਸ ਸਬੰਧੀ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤ ਨੂੰ ਸਾਫ਼, ਹਰਿਆ ਭਰਿਆ ਅਤੇ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਯਤਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਡਾ. ਸਤਿਆਵਾਨ ਰਾਮਪਾਲ ਨੇ ਵਿਗਿਆਨ ਭਵਨ ਤੋਂ ਕੀਤੀ। ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਕੋਆਰਡੀਨੇਟਰ ਨਿਧੀ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਪਿੰਡਾਂ ਸ਼ਹਿਰਾਂ ਵਿਚ ਪਾਣੀ ਵਾਲੇ ਰਵਾਇਤੀ ਸਰੋਤਾਂ ਨੂੰ ਬਚਾਉਣਾ ਅਤੇ ਸਾਫ਼ ਰੱਖਣਾ ਹੋਵੇਗਾ।