ਰਾਮ ਗੋਪਾਲ ਰਾਏਕੋਟੀ
ਰਾਏਕੋਟ, 25 ਜੁਲਾਈ
ਰਾਏਕੋਟ ’ਚ ਬਣ ਰਹੇ ਸਰਕਾਰੀ ਡਿਗਰੀ ਕਾਲਜ ਅਤੇ ਆਈਟੀਆਈ ਦਾ ਅੱਜ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸਡੀਐੱਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ, ਕਾਮਿਲ ਅਮਰ ਸਿੰਘ ਬੋਪਾਰਾਏ ਵੀ ਹਾਜ਼ਰ ਸਨ। ਡਾ. ਅਮਰ ਸਿੰਘ ਨੇ ਦੱਸਿਆ ਕਿ ਹਲਕੇ ਵਿੱਚ ਹੁਣ ਤੱਕ ਤਕਰੀਬਨ 300 ਕਰੋੜ ਤੋਂ ਜ਼ਿਆਦਾ ਦੀ ਗ੍ਰਾਂਟ ਆ ਚੁੱਕੀ ਹੈ। ਉਨ੍ਹਾਂ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿੱਚ 7 ਕਰੋੜ ਦੀ ਲਾਗਤ ਨਾਲ ਬਣੀ ਆਈਟੀਆਈ ਦੀ ਬਿਲਡਿੰਗ ਤਿਆਰ ਹੈ, ਜਿਸ ’ਚ ਦਾਖ਼ਲੇ ਵੀ ਜਲਦੀ ਸ਼ੁਰੂ ਹੋ ਜਾਣਗੇ। ਸਰਕਾਰੀ ਡਿਗਰੀ ਕਾਲਜ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ, ਜਿਸ ’ਤੇ 10 ਕਰੋੜ ਦੀ ਲਾਗਤ ਆਈ ਹੈ। ਕਾਲਜ ’ਚ ਕਲਾਸਾਂ ਵੀ ਜਲਦੀ ਹੀ ਸ਼ੁਰੂ ਹੋ ਜਾਣਗੀਆਂ।
ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ ਦੀ ਯਾਦ ਵਿੱਚ ਬਣ ਰਹੇ 10 ਬੈਂਡ ਹਸਪਤਾਲ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ’ਤੇ 1 ਕਰੋੜ ਦੀ ਲਾਗਤ ਆਵੇਗੀ, 35 ਕਰੋੜ ਦੀ ਲਾਗਤ ਨਾਲ ਸ਼ਹਿਰ ਵਿੱਚ ਪਾ ਜਾ ਰਹੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ, 4 ਕਰੋੜ ਦੀ ਲਾਗਤ ਭਾਈ ਨੂਰਾ ਮਾਹੀ ਬੱਸ ਸਟੈਂਡ ਦਾ ਕੰਮ ਚੱਲ ਰਿਹਾ ਹੈ। 10 ਕਰੋੜ ਦੀ ਲਾਗਤ ਸਿਵਲ ਹਸਪਤਾਲ ਰਾਏਕੋਟ ਵਿੱਚ ਜ਼ੱਚਾ-ਬੱਚਾ ਕੇਂਦਰ ਬਣਨ ਜਾ ਰਿਹਾ ਹੈ, 50 ਲੱਖ ਦੀ ਲਾਗਤ ਨਾਲ ਸਿਵਲ ਹਸਪਤਾਲ ਰਾਏਕੋਟ ਵਿੱਚ ਆਕਸੀਜਨ ਪਲਾਂਟ ਲੱਗ ਰਿਹਾ ਹੈ, ਜਿਸ ਦਾ ਕੰਮ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਨਗਰ ਕੌਂਸਲ ਦਫਤਰ ਦੇ ਨਜ਼ਦੀਕ 50 ਲੱਖ ਦੀ ਲਾਗਤ ਨਾਲ ਪਾਰਕ ਬਣਾਈ ਗਈ ਹੈ। ਇਸ ਮੌਕੇ ਬਲਜੀਤ ਸਿੰਘ ਹਲਵਾਰਾ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਪ੍ਰਭਦੀਪ ਸਿੰਘ ਗਰੇਵਾਲ, ਡਾ. ਅਰੁਣਦੀਪ ਸਿੰਘ, ਕੌਸਲਰ ਗੁਰਜੰਟ ਸਿੰਘ, ਕੌਂਸਲਰ ਮੁਹੰਮਦ ਇਮਰਾਨ ਵੀ ਹਾਜ਼ਰ ਸਨ।