ਰਾਮ ਗੋਪਾਲ ਰਾਏਕੋਟੀ
ਰਾਏਕੋਟ, 17 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਣਕ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਜੋ ਦਾਅਵੇ ਕਰ ਰਹੀ ਹੈ ਉਨ੍ਹਾਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਬਾਰਦਾਨੇ ਦੀ ਘਾਟ, ਗੁੰਝਲਦਾਰ ਖ਼ਰੀਦ ਸਾਫਟਵੇਅਰ ਕਾਰਨ ਅਦਾਇਗੀ ਵਿੱਚ ਅੜਿੱਕਾ ਤੇ ਮੰਡੀਆਂ ’ਚ ਹੋਰ ਮਾੜੇ ਪ੍ਰਬੰਧਾਂ ਕਾਰਨ ਮੰਡੀਆਂ ਵਿੱਚ ਕਿਸਾਨ ਖੱਜਲ-ਖੁਆਰ ਹੋ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਪ੍ਰਧਾਨ ਰਣਧੀਰ ਸਿੰਘ ਬੱਸੀਆਂ ਤੇ ਅਵਤਾਰ ਸਿੰਘ ਬੱਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੀਆਂ ਸ਼ਿਕਾਇਤਾ ਮਿਲ ਰਹੀਆਂ ਹਨ ਕਿ ਬਾਰਦਾਨੇ ਦੀ ਘਾਟ ਕਾਰਨ ਉਹ ਮੰਡੀਆਂ ’ਚ ਕਈ ਰਾਤਾਂ ਕੱਟਣ ਲਈ ਮਜਬੂਰ ਹਨ। ਜਿਸ ‘ਤੇ ਆਗੂਆਂ ਨੇ ਮਾਰਕਿਟ ਕਮੇਟੀ ਰਾਏਕੋਟ ਅਤੇ ਹਠੂਰ ਅਧੀਨ ਪੈਂਦੇ ਖਰੀਦ ਕੇਂਦਰਾਂ ਝੋਰੜਾਂ, ਨੱਥੋਵਾਲ, ਕਾਲਸਾਂ, ਜਲਾਲਦੀਵਾਲ, ਬੱਸੀਆਂ ਅਤੇ ਰਾਏਕੋਟ ਵਿਖੇ ਦੌਰਾ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ, ਆਵਾਰਾ ਪਸ਼ੂਆਂ ਦਾ ਮੰਡੀ ਵਿੱਚ ਸ਼ਰੇਆਮ ਫਿਰਨਾ, ਲਿਫਟਿੰਗ ਵਿੱਚ ਦੇਰੀ ਅਤੇ ਖ਼ਰੀਦੀ ਕੀਤੀ ਕਣਕ ਦਾ ਕਿਸਾਨਾਂ ਦੇ ਖਾਤਿਆਂ ਵਿੱਚ ਫੁੱਟੀ ਕੌਡੀ ਵੀ ਸਰਕਾਰ ਵੱਲੋਂ ਨਾ ਪਾਏ ਜਾਣਾ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਨੂੰ ਸਾਬਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਸਮੱਸਿਆਵਾਂ ਸਬੰਧੀ ਐੱਸਡੀਐੱਮ ਰਾਏਕੋਟ ਨੂੰ ਜਾਣੂ ਕਰਵਾਇਆ ਗਿਆ, ਉਨ੍ਹਾਂ ਭਰੋਸਾ ਦਿੱਤਾ ਕਿ ਸਮੱਸਿਆਵਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇਗਾ।
ਮਾਛੀਵਾੜਾ ਦੀ ਮੰਡੀ ’ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮਾਛੀਵਾੜਾ ਅਨਾਜ ਮੰਡੀ ’ਚ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਹੁਣ ਤੱਕ 2 ਲੱਖ ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ਦੀ ਅਦਾਇਗੀ ਕਰੀਬ 40 ਕਰੋੜ ਬਣਦੀ ਹੈ ਪਰ ਕੇਂਦਰ ਸਰਕਾਰ ਦੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਫੈਸਲੇ ਨਾਲ ਪੋਰਟਲ ਸਿਸਟਮ ਵਿੱਚ ਆੜ੍ਹਤੀ ਅਜਿਹੇ ਉਲਝੇ ਕਿ ਅਜੇ ਤੱਕ ਕਿਸਾਨਾਂ ਦੇ ਖਾਤਿਆਂ ’ਚ ਇੱਕ ਰੁਪਇਆ ਵੀ ਨਹੀਂ ਪੁੱਜਿਆ। ਮਾਛੀਵਾੜਾ ਅਨਾਜ ਮੰਡੀ ’ਚ ਆੜ੍ਹਤੀਆਂ ਕੋਲ ਨਾ ਇਸ ਸਮੇਂ ਬਾਰਦਾਨਾ ਹੈ, ਨਾ ਲਿਫਟਿੰਗ ਹੋ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਅਦਾਇਗੀ ਹੋ ਰਹੀ ਹੈ। ਮਾਛੀਵਾੜਾ ਮੰਡੀ ’ਚ ਇਸ ਸਮੇਂ ਹਾਲਾਤ ਇਹ ਹਨ ਕਿ ਕਰੀਬ 1 ਲੱਖ 80 ਹਜ਼ਾਰ ਕੁਇੰਟਲ ਕਣਕ ਬੋਰੀਆਂ ’ਚ ਪਈ ਹੈ ਜਦ ਕਿ 1 ਲੱਖ ਤੋਂ ਵੱਧ ਕੁਇੰਟਲ ਕਿਸਾਨਾਂ ਦੀ ਫਸਲ ਖੁੱਲ੍ਹੇ ਅਸਮਾਨ ਹੇਠ ਪਈ ਹੈ। ਦੂਸਰੇ ਪਾਸੇ ਅਸਮਾਨ ’ਤੇ ਗਰਜਦੇ ਬੱਦਲ ਤੇ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਮਾਛੀਵਾੜਾ ਅਨਾਜ ਮੰਡੀ ’ਚ ਮਾੜੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਜਿਸ ’ਚ ਜ਼ਿਲ੍ਹਾ ਖੁਰਾਕ ਅਫ਼ਸਰ ਹਰਵੀਨ ਕੌਰ ਅਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਲਈ ਪੁੱਜੇ। ਜ਼ਿਲ੍ਹਾ ਅਧਿਕਾਰੀ ਹਰਵੀਨ ਕੌਰ ਨੇ ਮੰਨਿਆ ਕਿ ਖ਼ਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਕਮੀ ਹੈ ਪਰ ਫਿਰ ਵੀ ਉਨ੍ਹਾਂ ਵਲੋਂ ਯਤਨ ਕਰਕੇ ਕੱਲ੍ਹ ਸਵੇਰ ਤੱਕ ਸਾਰੀਆਂ ਏਜੰਸੀਆਂ ਨੂੰ ਬਾਰਦਾਨਾ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਹੋਣ ਕਾਰਨ ਮਜ਼ਦੂਰ ਪ੍ਰੇਸ਼ਾਨ
ਪਾਇਲ (ਦੇਵਿੰਦਰ ਸਿੰਘ ਜੱਗੀ): ਪਾਇਲ ਦਾਣਾ ਮੰਡੀ ਵਿੱਚ ਲਿਫਟਿੰਗ ਦਾ ਬੁਰਾ ਹਾਲ, ਆੜ੍ਹਤੀਆਂ ਦੇ ਫੜ੍ਹ ਬੋਰੀਆਂ ਨਾਲ ਭਰੇ ਪਏ ਹਨ ਜਿਸ ਕਰਕੇ ਕਿਸਾਨਾਂ ਨੂੰ ਫੜ੍ਹਾਂ ਵਿੱਚ ਕਣਕ ਲਾਹੁਣ ਦੀ ਵੱਡੀ ਦਿੱਕਤ ਆ ਰਹੀ ਹੈ। ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਫੜ੍ਹਾਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਂਬਾਰ ਲੱਗੇ ਪਏ ਹਨ, ਲੇਬਰ ਦੀ ਘਾਟ ਕਾਰਨ ਕਣਕ ਦੀ ਅਣਲੋਡਿੰਗ ਦੀ ਸਮੱਸਿਆ ਵੀ ਆ ਰਹੀ ਹੈ। ਕਿਸਾਨ ਹਰਵਿੰਦਰ ਸਿੰਘ ਚੀਮਾ, ਬਲਵੰਤ ਸਿੰਘ ਮਕਸੂਦੜਾ ਅਤੇ ਚਰਨਜੋਤ ਸਿੰਘ ਨੇ ਦੱਸਿਆ ਕਿ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਸਾ ਨਹੀਂ ਆਇਆ। ਉਨ੍ਹਾਂ ਕਿਹਾ ਕਿ 10 ਅਪਰੈਲ ਨੂੰ ਜੋ ਖ਼ਰੀਦ ਕਰਨ ਦੀ ਸ਼ੁਰੂਆਤ ਹਲਕਾ ਵਿਧਾਇਕ ਵੱਲੋਂ ਕਿਸਾਨ ਦੀ ਢੇਰੀ ਦਾ ਭਾਅ ਲਾ ਕੇ ਕੀਤੀ ਗਈ ਸੀ ਉਸ ਕਣਕ ਦਾ ਵੀ ਇੱਕ ਰੁਪਈਆਂ ਖਾਤੇ ਵਿੱਚ ਨਹੀਂ ਆਇਆ। ਆੜ੍ਹਤੀ ਏਪੀ ਜੱਲ੍ਹਾ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਉਸ ਨਾਲ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵੱਡੀ ਦਿੱਕਤ ਆ ਰਹੀ ਹੈ। ਜਦੋਂ ਦਾਣਾ ਮੰਡੀ ਵਿੱਚ ਲਿਫਟਿੰਗ ਬਾਰੇ ਏਐੱਫਐੱਸਓ ਨਰਿੰਦਰ ਸਿੰਘ ਕੌੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਪਾਇਲ ਦਾਣਾ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਹੋਣ ਕਰਕੇ ਇੱਕ ਲੱਖ ਦੇ ਕਰੀਬ ਕਣਕ ਦਾ ਕੱਟਾ ਜਮ੍ਹਾਂ ਹੋ ਚੁੱਕਾ ਹੈ ਜੋ ਲੇਬਰ ਦਾ ਠੇਕੇਦਾਰ ਨਾਲ ਕੋਈ ਲੈਣ-ਦੇਣ ਮਸਲਾ ਸੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜਮ੍ਹਾਂ ਹੋਏ ਮਾਲ ਨੂੰ ਚੁੱਕਣ ਦੀ ਸਮੱਸਿਆਂ ਵੀ ਜਲਦੀ ਹੀ ਹੱਲ ਕੀਤੀ ਜਾਵੇਗੀ।