ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜੁਲਾਈ
ਸਥਾਨਕ ਪੱਖੋਵਾਲ ਰੋਡ ’ਤੇ ਪੈਂਦੇ ਡੀਏਵੀ ਸਕੂਲ ਵਿਖੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਕਲਾਸ ਲੋਕ ਅਤੇ ਸੂਫੀ ਗੀਤ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 150 ਦੇ ਕਰੀਬ ਵਿਦਿਆਰਥੀਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਪੇਸ਼ਕਾਰੀਆਂ ਨਾਲ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ। ਸਕੂਲ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਸ਼ਾਨਦਾਰ ਪ੍ਰਦਰਸ਼ਨ ਲਈ ਸੰਗੀਤ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਨੈਤਿਕ ਕਦਰਾਂ-ਕੀਮਤਾਂ ਦੇ ਨਾਲ ਨਾਲ ਵਿਦਿਆਰਥੀਆਂ ਦੇ ਵਿਕਾਸ ’ਤੇ ਧਿਆਨ ਕੇਂਦਰਤ ਕਰਦਾ ਹੈ। ਮੁਕਾਬਲੇ ਦਾ ਇੱਕੋ ਇੱਕ ਉਦੇਸ਼ ਉੱਭਰਦੇ ਹਿੱਸੇਦਾਰਾਂ ਵਿੱਚ ਸੱਭਿਆਚਾਰਕ ਸੂਝ ਨੂੰ ਦਿਸ਼ਾ ਦੇਣਾ ਸੀ। ਸੂਫੀ ਗੀਤ ਗਾਉਣ ਦੇ ਮੁਕਾਬਲੇ ਵਿੱਚ ਸੱਤਵੀਂ-ਸੀ ਜਮਾਤ ਨੇ ਪਹਿਲਾ, ਏ ਜਮਾਤ ਨੇ ਦੂਜਾ ਅਤੇ ਡੀ ਜਮਾਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਸੱਤਵੀਂ -ਬੀ ਨੂੰ ਉਤਸ਼ਾਹ ਵਧਾਊ ਇਨਾਮ ਦਿਤਾ ਗਿਆ। ਇਸੇ ਤਰ੍ਹਾਂ ਲੋਕ ਗੀਤ ਮੁਕਾਬਲੇ ਵਿੱਚੋਂ ਸੱਤਵੀਂ-ਈ ਨੇ ਪਹਿਲਾ, ਸੱਤਵੀਂ ਆਈ ਨੇ ਦੂਜਾ ਜਦਕਿ ਸੱਤਵੀਂ ਜੀ ਤੇ ਸੱਤਵੀਂ ਐਚ ਜਮਾਤ ਨੇੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਐਫ ਜਮਾਤ ਨੂੰ ਉਤਸ਼ਾਹ ਵਧਾਊ ਇਨਾਮ ਮਿਲਿਆ।
ਸਤਪਾਲ ਮਿੱਤਲ ਸਕੂਲ ਵਿੱਚ ਇਨਾਮ ਵੰਡ ਸਮਾਗਮ
ਲੁਧਿਆਣਾ: ਆਈਸੀਐੱਸਸੀ ਅਤੇ ਆਈਐੱਸਸੀ ਕੌਂਸਲ ਪ੍ਰੀਖਿਆਵਾਂ ਦੇ ਸੈਸ਼ਨ 2021-22 ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਲਈ ਸਤਪਾਲ ਮਿੱਤਲ ਸਕੂਲ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਮੁੱਖ ਮਹਿਮਾਨ ਪਹੁੰਚੇ। ਵਾਈਸ ਚੇਅਰਮੈਨ ਬਿਪਿਨ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਅਤੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਨਾਮ ਵੰਡ ਸਮਾਗਮ ਦੌਰਾਨ 95 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਵਿਦਿਆਰਥੀਆਂ ਨੂੰ 10,000 ਰੁਪਏ ਅਤੇ 90-95 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ 5000 ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਵਿਸ਼ੇ ਵਿੱਚ 100 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ 5000 ਰੁਪਏ ਦੇ ਕੇ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦਸਵੀਂ ਅਤੇ 12ਵੀਂ ਜਮਾਤ ਵਿੱਚ ਸਕੂਲ ਵਿੱਚੋਂ ਪਹਿਲੇ ਤਿੰਨੇ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਦਿੱਤੇ ਗਏ।