ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਦਸੰਬਰ
ਥਾਣਾ ਟਿੱਬਾ ਦੀ ਪੁਲੀਸ ਨੇ ਗੁਰੂ ਨਾਨਕ ਅਸਟੇਟ ਟਿੱਬਾ ਰੋਡ ਵਾਸੀ ਅਜੈ ਸ਼ਰਮਾ ਨੂੰ ਇਕ ਚਾਰ ਸਾਲ ਦੀ ਨਿੱਕੀ ਬਾਲੜੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਗੁਲਾਬੀ ਬਾਗ ਟਿੱਬਾ ਵਾਸੀ ਲੜਕੀ ਦੀ ਮਾਤਾ ਨੇ ਦੱਸਿਆ ਹੈ ਕਿ ਉਸ ਦੀ ਚਾਰ ਸਾਲਾ ਲੜਕੀ ਬਾਹਰ ਖੇਡ ਰਹੀ ਸੀ ਅਤੇ ਉਹ ਅਜੈ ਸ਼ਰਮਾ ਦੇ ਕਲੀਨਿਕ ਵਿੱਚ ਚਲੀ ਗਈ। ਥੋੜ੍ਹੀ ਦੇਰ ਬਾਅਦ ਜਦੋਂ ਵਾਪਸ ਆਈ ਤਾਂ ਉਹ ਰੋਣ ਲੱਗ ਪਈ। ਪੁੱਛਗਿੱਛ ਤੇ ਉਸ ਨੇ ਦੱਸਿਆ ਹੈ ਕਿ ਅਜੇ ਸ਼ਰਮਾ ਨੇ ਉਸ ਦੇ ਕੱਪੜੇ ਉਤਾਰ ਕੇ ਗ਼ਲਤ ਗੱਲਾਂ ਕੀਤੀਆਂ ਹਨ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤਫ਼ਤੀਸ਼ ਉਪਰੰਤ ਗ੍ਰਿਫ਼ਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।