ਗਗਨਦੀਪ ਅਰੋੜਾ
ਲੁਧਿਆਣਾ, 22 ਨਵੰਬਰ
ਵਿਧਾਨ ਸਭਾ ਚੋਣਾਂ ਦੇ ਮਾਹੌਲ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਗੜ੍ਹ ਵਿੱਚ ਵਰਕਰ ਮਿਲਣੀ ਰੱਖੀ ਗਈ ਸੀ। ਰੈਲੀ ’ਚ ਕਾਲੇ ਰੰਗ ਦਾ ਪੂਰਾ ਖੌਫ਼ ਦੇਖਣ ਨੂੰ ਮਿਲਿਆ। ਕਾਲੇ ਰੰਗ ਦੀ ਜੈਕਟ ਤੇ ਕਮੀਜ਼ਾਂ ਪਾ ਕੇ ਆਉਣ ਵਾਲੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਜੇ ਕਿਸੇ ਨੇ ਜਾਣ ਦੀ ਜਿੱਦ ਵੀ ਕੀਤੀ ਤਾਂ ਉਸ ਦੀ ਜੈਕਟ ਉਤਰਵਾ ਦਿੱਤੀ ਗਈ ਤੇ ਕਮੀਜ਼ ਬਦਲ ਕੇ ਅੰਦਰ ਜਾਣ ਦਿੱਤਾ ਗਿਆ। ਇੰਨਾ ਹੀ ਨਹੀਂ ਔਰਤਾਂ ਨੂੰ ਵੀ ਜੈਕੇਟ ਪਾ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ। ਇੱਥੋ ਤੱਕ ਕਿ ਜਿਨ੍ਹਾਂ ਔਰਤਾਂ ਨੇ ਕਾਲੇ ਸੂਟ ਪਾਏ ਹੋਏ ਸਨ, ਉਨ੍ਹਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਜੇ ਕੋਈ ਔਰਤ ਜਾਂ ਫਿਰ ਕੋਈ ਵਿਅਕਤੀ ਅੰਦਰ ਗਿਆ ਤਾਂ ਉਹ ਨੇਤਾ ਜੀ ਦੀ ਸਿਫ਼ਾਰਿਸ਼ ’ਤੇ ਗਿਆ। ਹਾਲਾਂਕਿ ਕਾਂਗਰਸ ਦੇ ਕੁਝ ਵਰਕਰ ਨਾਰਾਜ਼ ਹੋਏ, ਪਰ ਕੁਝ ਅੰਦਰ ਚਲੇ ਗਏ ਤੇ ਕੁਝ ਲੋਕ ਵਾਪਸ ਰਹਿ ਗਏ। ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ’ਚ ਵਰਕਰ ਮਿਲਣੀ ਰੱਖੀ ਗਈ ਸੀ। ਇਸ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੇ ਨਾਲ ਨਾਲ ਵੱਡੇ ਨੇਤਾ ਵੀ ਪੁੱਜੇ ਹੋਏ ਸਨ। ਰੈਲੀ ਸਥਾਨ ਨੂੰ ਪੂਰੀ ਤਰ੍ਹਾਂ ਪੁਲੀਸ ਨੇ ਘੇਰਾ ਪਾ ਰੱਖਿਆ ਸੀ। ਰੈਲੀ ਸਥਾਨ ਦੇ ਅੰਦਰ ਜਾਣ ਵਾਲਿਆਂ ਦੀ ਮੈਟਲ ਡਿਟੈਕਟਰ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਹਰ ਵਿਅਕਤੀ ਮੈਟਲ ਡਿਟੈਕਟਰ ਰਾਹੀਂ ਅੰਦਰ ਜਾ ਰਿਹਾ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਪੁਲੀਸ ਨੂੰ ਡਰ ਸਤਾ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰੈਲੀ ਅੰਦਰ ਵਿਰੋਧ ਨਾ ਹੋਵੇ। ਕੋਈ ਉਨ੍ਹਾਂ ਨੂੰ ਕਾਲੇ ਝੰਡੇ ਨਾ ਦਿਖਾ ਦੇਵੇ। ਇਸ ਲਈ ਪੁਲੀਸ ਨੇ ਰੈਲੀ ਸਥਾਨ ’ਤੇ ਆਉਣ ਵਾਲੇ ਵਰਕਰਾਂ ਨੂੰ ਕਾਲੇ ਰੰਗ ਦੇ ਜੈਕੇਟ ਪਾ ਕੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਤੇ ਅੰਦਰ ਜਾਣ ਵਾਲਿਆਂ ਦੀ ਜੈਕੇਟ ਉਤਰਵਾ ਦਿੱਤੀ ਅਤੇ ਜੇ ਕਿਸੇ ਨੇ ਕਮੀਜ਼ ਪਾਈ ਹੋਈ ਸੀ ਤਾਂ ਉਸ ਨੂੰ ਬਦਲ ਕੇ ਆਉਣ ਲਈ ਕਿਹਾ ਗਿਆ। ਰੈਲੀ ’ਚ ਆਉਣ ਵਾਲੀਆਂ ਔਰਤਾਂ ਨੂੰ ਵੀ ਕਾਲਾ ਸੂਟ ਪਾ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ। ਜਦੋਂ ਇਸ ਸੰਬੰਧੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਉਨ੍ਹਾਂ ਦੱਸਿਆ ਕਿ ਸਾਨੂੰ ਸ਼ੱਕ ਸੀ ਕਿ ਰੈਲੀ ਦੇ ਅੰਦਰ ਕਾਲੇ ਝੰਡੇ ਰੂਪ ’ਚ ਕੱਪੜਾ ਨਾ ਦਿਖਾਇਆ ਜਾਵੇ। ਇਸ ਲਈ ਅਸੀਂ ਇਹ ਸਖਤਾਈ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕਾਲੇ ਰੰਗ ਦੇ ਕੱਪੜੇ ਪਾ ਕੇ ਅੰਦਰ ਜਾਣ ਦਿੱਤਾ ਗਿਆ ਹੈ, ਉਹ ਨੇਤਾ ਜੀ ਦੀ ਸਿਫ਼ਾਰਿਸ਼ ’ਤੇ ਗਏ ਸਨ।
ਰੈਲੀ ਕਾਰਨ ਬਰਾਤੀ ਹੋਏ ਖੁਆਰ
ਗਿੱਲ ਰੋਡ ਦਾਣਾ ਮੰਡੀ ’ਚ ਕਾਂਗਰਸ ਦੀ ਵਰਕਰ ਮਿਲਣੀ ਰੱਖੀ ਗਈ ਸੀ। ਦਾਣਾ ਮੰਡੀ ਦੇ ਸਾਰੇ ਇਲਾਕੇ ਨੂੰ ਪੂਰੀ ਤਰ੍ਹਾਂ ਪੁਲੀਸ ਨੇ ਘੇਰਿਆ ਹੋਅਿਾ ਸੀ। ਇਸ ਕਾਰਨ ਦਾਣਾ ਮੰਡੀ ’ਚ ਦੋ ਵੱਡੇ ਮੈਰਿਜ ਪੈਲੇਸ ਸੈਲੀਬ੍ਰੇਸ਼ਨ ਪਲਾਜ਼ਾ ਤੇ ਆਮੰਨਤਰਨ ਪੈਲੇਸ ’ਚ ਵਿਆਹ ਲਈ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਿਵੇਂ ਹੀ ਰੈਲੀ ਸ਼ੁਰੂ ਹੋਈ, ਉਧਰੋਂ ਬਾਰਾਤ ਵੀ ਆ ਗਈ। ਜਿਸ ਰਸਤੇ ’ਚੋਂ ਬਾਰਾਤ ਨੇ ਅੰਦਰ ਦਾਖਲ ਹੋਣਾ ਸੀ, ਉੱਥੇ ਪੁਲੀਸ ਨੇ ਬੈਰੀਕੇਟਿੰਗ ਕੀਤੀ ਹੋਈ ਸੀ। ਕਿਸੇ ਨੂੰ ਵੀ ਅੰਦਰ ਆਉਣ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਬਾਰਾਤ ਆਈ ਤਾਂ ਗੱਡੀਆਂ ’ਚ ਸਾਮਾਨ ਸੀ। ਪੁਲੀਸ ਨੇ ਬਾਰਾਤੀਆਂ ਦੀ ਗੱਡੀ ਰੋਕ ਲਈ। ਉਨ੍ਹਾਂ ਗੱਡੀਆਂ ਦੂਰ ਪਾਰਕ ਕੀਤੀਆਂ ਤੇ ਸਾਮਾਨ ਚੁੱਕ ਕੇ ਅੰਦਰ ਗਏ। ਬਾਰਾਤੀਆਂ ਦੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਬਾਰਾਤ ਮੈਰਿਜ ਪੈਲੇਸ ਦੇ ਅੰਦਰ ਦਾਖਲ ਹੋਈ।