ਗੁਰਿੰਦਰ ਸਿੰਘ
ਲੁਧਿਆਣਾ, 1 ਮਈ
ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਿਤ ਸਮਾਗਮ ਕਰਵਾਏ ਗਏ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਭਾਈ ਦਵਿੰਦਰ ਸਿੰਘ ਬਟਾਲਾ, ਭਾਈ ਅਮਨਦੀਪ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਕਾਰਜ ਸਿੰਘ, ਭਾਈ ਸੁਰਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਏ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਅਤੇ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਦੁਰਗਾਪੁਰੀ, ਹੈਬੋਵਾਲ ਕਲਾਂ ਵਿੱਚ ਵੀ ਸਮਾਗਮ ਕਰਵਾਏ ਗਏ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੱਥੇ. ਸੰਤਾ ਸਿੰਘ ਉਮੈਦਪੁਰ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਵਿਖੇ ਵੀ ਸ਼ਤਾਬਦੀ ਸਮਾਰੋਹ ਕਰਵਾਇਆ ਗਿਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਗੁਰੂ ਨਾਨਕ ਨਗਰ ਵਿੱਚ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਠਾਂ ਦੇ ਭੋਗ ਉਪਰੰਤ ਭਾਈ ਗੁਰਮੀਤ ਸਿੰਘ ਨਾਗਪਾਲ ਦੇ ਜੱਥੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਗੁਰਦੁਆਰਾ ਨਾਨਕਸਰ ਸਾਹਿਬ, ਕਲਗੀਧਰ ਸਾਹਿਬ, ਗੁਰਦੁਆਰਾ ਸਿੰਘ ਸਭਾ, ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਵਿਖੇ ਅੱਜ ਗੁਰੂ ਤੇਗ ਬਹਾਦਰ ਦਾ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ, ਉਨ੍ਹਾਂ ਦੇ ਪਰਿਵਾਰ ਸਮੇਤ ਸਮੂਹ ਸਟਾਫ ਵਲੋਂ ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਦੇ ਪਾਠ ਕੀਤੇ ਗਏ ਅਤੇ ਗੁਰੂ ਦੇ ਚਰਨਾਂ ’ਚ ਅਰਦਾਸ ਉਪਰੰਤ ਦੇਗ਼ ਵਰਤਾਈ ਗਈ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਇਸੇ ਤਰ੍ਹਾਂ ਚਕਰ ਸਪੋਰਟਸ ਅਕੈਡਮੀ ਵੱਲੋਂ ਗੁਰੂ ਤੇਗ ਬਹਾਦਰ ਦੇ ਚਾਰ ਸੌ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ।