ਪੱਤਰ ਪ੍ਰੇਰਕ
ਪਾਇਲ, 6 ਅਗਸਤ
ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿੱਚ ਬੜੇ ਚਾਅ ਨਾਲ ਤੀਆਂ ਮਨਾਈਆਂ ਗਈਆਂ। ਇਸ ਵਿੱਚ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਲੋਕ ਗੀਤ, ਸੋਲੋ ਡਾਂਸ, ਗਰੁੱਪ ਡਾਂਸ ਅਤੇ ਬੋਲੀਆਂ, ਗਿੱਧਾ ਪੇਸ਼ ਕੀਤਾ। ਬਾਰ੍ਹਵੀਂ ਦੀਆਂ ਵਿਦਿਆਰਥਣਾਂ ਵਿੱਚੋਂ ਗੁਰਵਿੰਦਰ ਕੌਰ ਨੂੰ ਮਿਸ ਤੀਜ ਚੁਣਿਆ ਗਿਆ। ਪ੍ਰਿੰਸੀਪਲ ਨੇਹਾ ਢੱਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਇਸੇ ਦੌਰਾਨ ਬ੍ਰਿਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿੱਚ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਮਨਾਈਆਂ ਗਈਆਂ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਜੇਪੀ ਐੱਸ ਜੋਲੀ ਤੇ ਸਤਿੰਦਰਜੀਤ ਕੌਰ ਜੋਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਮੁਖੀ ਗਗਨਪ੍ਰੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸੱਭਿਆਚਾਰਕ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕਰਨੀ ਬਹੁਤ ਜ਼ਰੂਰੀ ਹੈ।
ਦੋਰਾਹਾ (ਪੱਤਰ ਪ੍ਰੇਰਕ): ਯੂਰੋ ਕਿਡਜ਼ ਸਕੂਲ ਵਿੱਚ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਦੀ ਅਗਵਾਈ ਹੇਠ ਬੱਚਿਆਂ ਨੇ ਧਮਾਲਾਂ ਪਾਈਆਂ। ਸਕੂਲ ਡਾਇਰੈਕਟਰ ਜਤਿੰਦਰ ਸ਼ਰਮਾ, ਨੀਰਜ਼ ਸ਼ਰਮਾ, ਸੁਮਨ ਸ਼ਰਮਾ ਤੇ ਸੁਭਾਸ਼ ਸ਼ਰਮਾ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਵੱਖ ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਛੋਟੇ ਛੋਟੇ ਬੱਚਿਆਂ ਨੇ ਗਿੱਧਾ, ਭੰਗੜਾ, ਪੰਜਾਬੀ ਗੀਤ, ਡਾਂਸ ਤੇ ਐਕਸ਼ਨ ਗੀਤ ਪੇਸ਼ ਕੀਤਾ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਕਿਰਨ ਸ਼ਰਮਾ ਦੀ ਅਗਵਾਈ ਹੇਠ ਅਨਪੂਰਨਾ ਰੈਸਟੋਰੈਂਟ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਿਰਨ ਸ਼ਰਮਾ ਮਿਸਿਜ਼ ਤੀਜ, ਰਜਵੰਤ ਕੌਰ ਮਿਸਿਜ਼ ਪੰਜਾਬਣ, ਸੋਨੀਆ ਸ਼ਰਮਾ ਅਤੇ ਸੀਮਾ ਸ਼ਰਮਾ ਨੂੰ ਵੈੱਲ ਡਰੈੱਸ ਪੰਜਾਬਣ ਦਾ ਜੇਤੂ ਐਲਾਨਿਆ ਗਿਆ।