ਪੱਤਰ ਪ੍ਰੇਰਕ
ਸਮਰਾਲਾ, 13 ਮਾਰਚ
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿੱਚ ਹੋਈ, ਜਿਸ ਵਿੱਚ ਫਰੰਟ ਦੇ ਬਾਨੀ ਪ੍ਰਧਾਨ ਤੇ ਸਰਪ੍ਰਸਤ ਕਮਾਂਡੈਟ ਰਸ਼ਪਾਲ ਸਿੰਘ ਅਤੇ ਪੈਨਸ਼ਨਰ ਮਹਾਸਭਾ ਸੰਘ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਉਚੇਚੇ ਤੌਰ ’ਤੇ ਪੁੱਜੇ। ਮੀਟਿੰਗ ਵਿੱਚ ਮੌਜੂਦ ਸਾਥੀਆਂ ਨੇ ਮੀਟਿੰਗ ਦੌਰਾਨ ਆਪੋ-ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ, ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ 92 ਸੀਟਾਂ ’ਤੇ ਹੋਈ ਹੂੰਝਾ ਫੇਰ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬ ਦੀ ਰਾਜਨੀਤੀ ਵਿੱਚ ਆਏ ਇਸ ਬਦਲਾਅ ਨੂੰ ਹਾਂ ਪੱਖੀ ਨਜ਼ਰੀਏ ਤੋਂ ਵੇਖਦਿਆ ਹੋਇਆ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫੀਆ ਰਾਜ, ਭ੍ਰਿਸ਼ਟਾਚਾਰ ਖਤਮ ਕਰਨਾ, ਖੇਤੀ ਨੀਤੀ, ਬੇਰੁਜ਼ਗਾਰੀ, ਮਹਿੰਗਾਈ, ਵਿੱਦਿਆ, ਸਿਹਤ ਸਹੂਲਤਾਂ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਆਮ ਆਦਮੀ ਦੀ ਸੁਰੱਖਿਆ ਦੀ ਕਾਮਨਾ ਕੀਤੀ। ਇਸ ਮੌਕੇ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਨੌਜਵਾਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਵਧਾਈ ਦਿੱਤੀ ਸਮੂਹ ਮੈਂਬਰਾਂ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਸਮੁੱਚਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਉਸ ਦੇ ਹਰ ਕੰਮ ਵਿੱਚ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਫਰੰਟ ਵੱਲੋਂ ਲੱਡੂ ਵੰਡੇ ਗਏ।
ਸਪੋਰਟਸ ਕਲੱਬ ਵੱਲੋਂ ਘਰਖਣਾ ਦੇ ਵੋਟਰਾਂ ਦਾ ਧੰਨਵਾਦ
ਸਮਰਾਲਾ: ਮਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਘਰਖਣਾ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਮਨਵੀਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸ ਵਾਰ ਪੰਜਾਬ ਅੰਦਰ ਆਏ ਨਵੇਂ ਬਦਲਾਅ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਫਤਵਾ ਰਿਵਾਇਤੀ ਪਾਰਟੀਆਂ ਨੂੰ ਛੱਡ ਇਸ ਵਾਰ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਵਿਧਾਨ ਸਭਾ ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ ਜੋ ਕਿ ਇੱਕ ਆਮ ਕਿਸਾਨੀ ਪਰਿਵਾਰ ਦੇ ਨੌਜਵਾਨ ਹਨ, ਵੱਲੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਇੱਕ ਨਵੇਂ ਯੁੱਗ ਦੀ ਸ਼ੁੁਰੂਆਤ ਕੀਤੀ ਹੈ। ਕਲੱਬ ਦੇ ਸਮੂਹ ਮੈਂਬਰਾਂ ਨੇ ਪਿੰਡ ਘਰਖਣਾ ਦੇ ਸਮੂਹ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਜਗਤਾਰ ਸਿੰਘ ਦਿਆਲਪੁਰਾ ਨੂੰ ਘਰਖਣਾ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਅਤੇ ਜਿੱਤ ਹਾਸਲ ਕਰਵਾਈ।