ਪੱਤਰ ਪ੍ਰੇਰਕ
ਰਾਏਕੋਟ, 16 ਫਰਵਰੀ
ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਪਿੰਡ ਲੋਹਟਬੱਦੀ ਦੇ ਗੁਰਦੁਆਰਾ ਰਵਿਦਾਸ ਭਗਤ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਵੇਰੇ ਆਰੰਭ ਹੋਇਆ। ਪਿੰਡ ਵਿੱਚ ਵੱਖ ਵੱਖ ਪੜਾਵਾਂ ’ਤੇ ਨਗਰ ਕੀਰਤਨ ਦਾ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਢਾਡੀ ਜਸਪਾਲ ਸਿੰਘ ਘੁਲਾਲ ਵਾਲੇ ਤੇ ਕਵਿਸ਼ਰ ਭਾਈ ਮਨਜੀਤ ਸਿੰਘ ਬੁਟਾਹਰੀ ਵਾਲਿਆਂ ਦੇ ਜੱਥੇ ਵਲੋਂ ਭਗਤ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਤ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਪੀਰਖਾਨਾ ਰੋਡ ਦੇ ਗੁਰਦੁਆਰੇ ਤੋਂ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਵਿਚ ਵੱਡੀ ਗਿਣਤੀ ਸੰਗਤ ਹਾਜ਼ਰ ਹੋਈ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਲਲਹੇੜੀ ਰੋਡ, ਰੇਲਵੇ ਰੋਡ, ਮਾਲੇਰਕੋਟਲਾ ਰੋਡ ਤੋਂ ਹੋ ਕੇ ਵਾਪਸ ਗੁਰਦੁਆਰੇ ਆ ਕੇ ਸਮਾਪਤ ਹੋਇਆ। ਸ਼ਹਿਰ ਵਾਸੀਆਂ ਨੇ ਨਗਰ ਕੀਰਤਨ ਦਾ ਥਾਂ-ਥਾਂ ’ਤੇ ਸਵਾਗਤ ਕਰਦਿਆਂ ਲੰਗਰ ਲਾਏ। ਨਗਰ ਕੀਰਤਨ ਵਿਚ ਸ਼ਬਦੀ ਜਥੇ, ਗੱਤਕਾ ਪਾਰਟੀਆਂ ਤੇ ਬੈਂਡ ਸ਼ਾਮਲ ਹੋਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਗੁਰੂ ਲੜ ਲੱਗਣ ਦੀ ਅਪੀਲ ਕੀਤੀ ਗਈ। ਇਸ ਮੌਕੇ ਰਾਗੀ-ਢਾਡੀ ਜੱਥਿਆਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੁਰ ਦਸਮੇਸ਼ ਸੇਵਾ ਸੁਸਾਇਟੀ ਵੱਲੋਂ ਰਵਿਦਾਸ ਪੁਰਬ ਸਬੰਧੀ ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਕੀਰਤਨ ਸਮਾਗਮ ਕਰਾਇਆ ਗਿਆ। ਇਸ ਵਿੱਚ ਕੀਰਤਨੀ ਜਥਿਆਂ ਨੇ ਰਵਿਦਾਸ ਬਾਣੀ ਦਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਕੀਰਤਨੀਏ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਵਿਦਾਸ ਬਾਣੀ ਦਾ ਕੀਰਤਨ ਕੀਤਾ। ਉਨ੍ਹਾਂ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਰੋਸ਼ਨੀ ਪਾਈ ਅਤੇ ਸੰਗਤ ਨੂੰ ਉਨ੍ਹਾਂ ਵੱਲੋਂ ਦੱਸੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਗੁਰ ਦਸਮੇਸ਼ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਇੰਦਰਬੀਰ ਸਿੰਘ ਬੱਤਰਾ, ਰਜਿੰਦਰ ਸਿੰਘ ਡੰਗ, ਹਰਪਾਲ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਨੀਟਾ ਅਤੇ ਮਹਿੰਦਰ ਸਿੰਘ ਡੰਗ ਨੇ ਰਾਗੀ ਜਥਿਆਂ ਦਾ ਸਨਮਾਨ ਕੀਤਾ।