ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਨਸਰਾਲੀ ਵਿਖੇ ਬੂਟੇ ਲਗਾ ਕੇ ਗਰੀਨ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਇਸ ਮੌਕੇ ਬੰਬ ਪਟਾਕਿਆਂ ਤੋਂ ਹਟ ਕੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾਉਣ ਦਾ ਸੰਦੇਸ਼ ਦਿੱਤਾ ਗਿਆ। ਜਗਵੀਰ ਸਿੰਘ ਨਾਗਰਾ ਨੇ ਦੱਸਿਆ ਕਿ ਬੂਟਿਆਂ ਨੂੰ ਭੇਡ, ਬੱਕਰੀਆਂ ਤੇ ਹੋਰ ਜਾਨਵਰਾਂ ਤੋਂ ਬਚਾਉਣ ਲਈ ਟਰੀ ਗਾਰਡ ਵੀ ਲਾਏ ਗਏ ਤਾਂ ਕਿ ਇਹ ਰੁੱਖ ਬਣ ਕੇ ਛਾਂ ਅਤੇ ਆਕਸੀਜਨ ਪ੍ਰਦਾਨ ਕਰਨ। ਅਮਰਿੰਦਰ ਸਿੰਘ ਪਿੰਦੀ ਨੇ ਕਿਹਾ ਕਿ ਵਾਤਾਵਰਣ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਸਮੇਂ ਦੀ ਲੋੜ ਹੈ।