ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਅਗਸਤ
ਪਿੰਡ ਰੂਮੀ ’ਚ ਮੁਟਿਆਰਾਂ ਤੇ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਸਰਕਾਰੀ ਹਾਈ ਸਕੂਲ ਦੀ ਗਰਾਊਂਡ ’ਚ ਲੱਗੀਆਂ ਤੀਆਂ ਦੌਰਾਨ ਬੋਲੀਆਂ, ਗਿੱਧਾ, ਪੀਂਘਾਂ ਝੂਟਣ ਤੋਂ ਇਲਾਵਾ ਬੱਲੋ ਵੀ ਪਈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੀ ਪਤਨੀ ਪੁਨੀਤਾ ਸੰਧੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਕੌਂਸਲਰ ਪਤਨੀ ਮਮਤਾ ਸ਼ਰਮਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਈਆਂ। ਉਨ੍ਹਾਂ ਦੋਹਾਂ ਨੂੰ ਪ੍ਰਬੰਧਕਾਂ ਵੱਲੋਂ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਆ ਗਿਆ। ਦੋਵਾਂ ਨੇ ਪੀਂਘਾਂ ਝੂਟੀਆਂ ਅਤੇ ਗਿੱਧਾ ਵੀ ਪਾਇਆ। ਪਵਨਦੀਪ ਕੌਰ ਅਤੇ ਹਰਪ੍ਰੀਤ ਕੌਰ ਦੀ ਅਗਵਾਈ ’ਚ ਤੀਆਂ ਦੇ ਤਿਉਹਾਰ ਮਨਾਇਆ ਗਿਆ।
ਇਸੇ ਦੌਰਾਨ ਪੁਨੀਤਾ ਸੰਧੂ ਨੇ ਪਿੰਡ ਕੁਲਾਰ ’ਚ ਬਣਾਈ ਗਈ ਮਿਨੀ ਆਧੁਨਿਕ ਖੇਡ ਪਾਰਕ ਦਾ ਉਦਘਾਟਨ ਕੀਤਾ। ਸਰਪੰਚ ਹਰਜੀਤ ਸਿੰਘ ਕੁਲਾਰ ਅਤੇ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਹਰਮਨਦੀਪ ਸਿੰਘ ਕੁਲਾਰ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ।
ਪੁਨੀਤਾ ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਥੇ ਆਪਣੇ ਚੋਣ ਵਾਅਦੇ ਪੂਰੇ ਕੀਤੇ ਹਨ ਉਥੇ ਹੀ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਸਮੇਂ ਗੁਰਜੀਤ ਕੌਰ, ਪ੍ਰਧਾਨ ਜਸਵੀਰ ਸਿੰਘ, ਪੰਚ ਪਰਮਜੀਤ ਕੌਰ, ਗੁਰਮੀਤ ਕੌਰ, ਪੰਚ ਜਗਰੂਪ ਸਿੰਘ ਆਦਿ ਮੌਜੂਦ ਸਨ।
ਕੁੜੀਆਂ ਨੇ ਪੀਂਘਾਂ ਝੂਟੀਆਂ
ਰਾਏਕੋਟ (ਪੱਤਰ ਪ੍ਰੇਰਕ): ਪਿੰਡ ਬੱਸੀਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਕੌਰ ਚੀਮਾ ਅਤੇ ਪੰਚ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਤੀਆਂ ਦੀਆਂ ਤਿਓਹਾਰ ਮਨਾਇਆ ਗਿਆ। ਇਸ ਮੌਕੇ ਕੁੜੀਆਂ ਅਤੇ ਔਰਤਾਂ ਵੱਲੋਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਕੁੜੀਆਂ ਨੇ ਪੀਂਘਾਂ ਝੂਟ ਕੇ ਖ਼ੁਸ਼ੀ ਮਨਾਈ। ਤੀਆਂ ਦੀ ਸਮਾਪਤੀ ਮੌਕੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਅਮਨਦੀਪ ਕੌਰ ਚੀਮਾ ਅਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਹਨ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਪਿਛੋਕੜ ਨਾਲ ਜੋੜੀ ਰੱਖਣ ਲਈ ਤਿਓਹਾਰ ਮਨਾਉਣੇ ਜ਼ਰੂਰੀ ਹਨ।