ਪੱਤਰ ਪ੍ਰੇਰਕ
ਜਗਰਾਉਂ, 5 ਦਸੰਬਰ
ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਯੂਨੀਅਨ (ਪੰਜਾਬ) ਇਕਾਈ ਜਗਰਾਉਂ ਦੇ ਮੁਲਾਜ਼ਮਾਂ ’ਤੇ ਜਗਰਾਉਂ ਡਿੱਪੂ ਦੇ ਜਨਰਲ ਮੈਨੇਜਰ ਨੇ ਕੇਸ ਦਰਜ ਕਰਵਾਇਆ ਹੈ। ਇਸ ਕਾਰਵਾਈ ਖ਼ਿਲਾਫ਼ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਹੈ। ਥਾਣਾ ਸ਼ਹਿਰੀ ਦੇ ਏ.ਐੱਸ.ਆਈ ਦਰਸ਼ਨ ਸਿੰਘ ਜਿਨ੍ਹਾਂ ਵੱਲੋਂ ਕੇਸ ਦਰਜ਼ ਕੀਤਾ ਗਿਆ ਹੈ, ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਜਗਰਾਉਂ ਡਿੱਪੂ ਦੇ ਜਨਰਲ ਮੈਨੇਜਰ ਜਸਪ੍ਰੀਤ ਸਿੰਘ ਵੱਲੋਂ ਪੱਤਰ ਨੰਬਰ 3251/3/12/21 ਰਾਹੀਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਪੰਜਾਬ ਰੋਡਵੇਜ਼ ਪਨਬੱਸ ਯੂਨੀਅਨ ਨੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਲਾਲਾ ਲਾਜਪਤ ਰਾਏ ਯਾਦਗਾਰੀ ਬੱਸ ਸਟੈਂਡ ਨੂੰ ਬੰਦ ਰੱਖਿਆ, ਜਿਸ ਕਾਰਨ ਸਰਕਾਰੀ ਅਤੇ ਗੈਰ-ਸਰਕਾਰੀ ਬੱਸ ਸੇਵਾ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਬੱਸਾਂ ’ਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਜਨਰਲ ਮੈਨੇਜਰ ਤਾਂ ਇੱਕ ਮੋਹਰਾ ਹੈ। ਇਹ ਸਭ ਕੁੱਝ ਸਰਕਾਰ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਉਨ੍ਹਾਂ ਤੁਰੰਤ ਕੇਸ ਖਾਰਜ ਕਰਨ ਦੀ ਮੰਗ ਕੀਤੀ।