ਖੰਨਾ: ਇੱਥੋਂ ਦੇ ਮਾਲੇਰਕੋਟਲਾ ਚੌਂਕ ’ਚ ਟਰੈਫਿਕ ਸੁਚਾਰੂ ਬਣਾਉਣ ਲਈ ਪੁੱਲ ਹੇਠ ਛੱਤਰੀਆਂ ਵੇਚਣ ਵਾਲਿਆਂ ਨੂੰ ਹਟਾ ਰਹੇ ਏਐੱਸਆਈ ਦੀ ਵਰਦੀ ਨਸ਼ੇ ਵਿੱਚ ਟੱਲੀ ਇੱਕ ਵਿਅਕਤੀ ਨੇ ਪਾੜ ਦਿੱਤੀ। ਪੁਲੀਸ ਨੇ ਏਐੱਸਆਈ ਭਗਵੰਤ ਸਿੰਘ ਵਾਸੀ ਸੰਦੀਪ ਕਲੋਨੀ ਪਿੰਡ ਮਾਜਰੀ ਦੀ ਸ਼ਿਕਾਇਤ ’ਤੇ ਰਵੀ ਕੁਮਾਰ ਵਾਸੀ ਸ਼ਾਹਪੁਰ ਜੁਮਾਲ (ਉੱਤਰ ਪ੍ਰਦੇਸ਼) ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਭਗਵੰਤ ਸਿੰਘ ਪੀਸੀਆਰ ਖੰਨਾ ’ਚ ਤਾਇਨਾਤ ਹੈ। ਜਦੋਂ ਡਿਊਟੀ ਦੌਰਾਨ ਉਹ ਮਾਲੇਰਕੋਟਲਾ ਚੌਕ ਹੇਠਾਂ ਛਤਰੀਆਂ ਵੇਚਣ ਵਾਲਿਆਂ ਨੂੰ ਆਵਾਜਾਈ ਵਿੱਚ ਵਿਘਨ ਪਾਉਣ ਕਾਰਨ ਉੱਥੋਂ ਹਟਾ ਰਹੇ ਸਨ ਤਾਂ ਉਸ ਦੌਰਾਨ ਸ਼ਰਾਬੀ ਰਵੀ ਕੁਮਾਰ ਨੇ ਉਸ ਦੀ ਮੋਢੇ ਤੋਂ ਵਰਦੀ ਪਾੜ ਦਿੱਤੀ। ਪੁਲੀਸ ਨੇ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਹੈ। – ਨਿੱਜੀ ਪੱਤਰ ਪ੍ਰੇਰਕ