ਪੱਤਰ ਪ੍ਰੇਰਕ
ਜਗਰਾਉਂ, 21 ਜੁਲਾਈ
ਇਥੇ ਆਈਸੀਆਈਸੀਆਈ ਬੈਂਕ ਵਿੱਚ ਗਲਤ ਡਿਗਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਨੌਕਰੀ ਲੈਣ ਵਾਲੀ ਲੜਕੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਸ਼ਿਕਾਇਤਕਰਤਾ ਗੁਰਜੀਤ ਸਿੰਘ ਵਾਸੀ ਪਿੰਡ ਰੂੰਮੀ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਹੀ ਪਿੰਡ ਦੇ ਪਰਿਵਾਰ ਨਾਲ ਪੈਸਿਆਂ ਦਾ ਲੈਣ ਦੇਣ ਸੀ, ਜਿਸ ਕਾਰਨ ਉਸ ਪਰਿਵਾਰ ਦੀ ਲੜਕੀ ਪਵਨਦੀਪ ਕੌਰ ਪੁੱਤਰੀ ਮਨੋਹਰ ਸਿੰਘ ਜੋ ਕਿ ਆਈਸੀਆਈਸੀਆਈ ਬੈਂਕ ਜਗਰਾਉਂ ਬ੍ਰਾਂਚ ‘ਚ ਕੰਮ ਕਰਦੀ ਸੀ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ। ਗੁਰਜੀਤ ਸਿੰਘ ਨੂੰ ਇਲਮ ਸੀ ਕਿ ਪਵਨਦੀਪ ਕੌਰ ਪੜ੍ਹੀ-ਲਿਖੀ ਨਹੀਂ ਹੈ ਉਸ ਨੇ ਜਾਅਲੀ ਗਰੈਜੂਏਸ਼ਨ ਦੀ ਡਿਗਰੀ ਲਈ ਹੋਈ ਹੈ। ਇਸ ਦੀ ਸ਼ਿਕਾਇਤ ਗੁਰਜੀਤ ਸਿੰਘ ਨੇ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨੂੰ ਦਿੱਤੀ ਜਿਸ ਦੀ ਪੜਤਾਲ ਵਿੱਚ ਉਹ ਕਸੂਰਵਾਰ ਪਾਈ ਗਈ। ਇਸ ਸਬੰਧੀ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਪਵਨਦੀਪ ਕੌਰ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।