ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਨਾਰੰਗਵਾਲ ਖੁਰਦ ਵਾਸੀ ਹਰਪਾਲ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਸ ’ਤੇ ਆਪਣੀ ਛੇ ਸਾਲਾ ਭਤੀਜੀ ਨਾਲ ਸਰੀਰਕ ਛੇੜਛਾੜ ਕਰਨ ਦਾ ਦੋਸ਼ ਹੈ। ਇਸ ਸਬੰਧੀ ਲੜਕੀ ਦੀ ਮਾਤਾ ਨੇ ਪੁਲੀਸ ਨੂੰ ਦੱਸਿਆ ਹੈ ਕਿ ਸ਼ਾਮ ਸਮੇਂ ਲੜਕੀ ਦਾ ਚਾਚਾ ਹਰਪਾਲ ਸਿੰਘ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਛੇੜਛਾੜ ਕੀਤੀ। ਇਸ ਬਾਰੇ ਲੜਕੀ ਨੇ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਲੜਕੀ ਦੀ ਮਾਤਾ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸਨੇ ਇਕ ਸਾਲ ਪਹਿਲਾਂ ਵੀ ਲੜਕੀ ਨਾਲ ਸਰੀਰਕ ਛੇੜਛਾੜ ਕੀਤੀ ਸੀ ਪਰ ਉਸ ਦੇ ਪਤੀ ਨੇ ਪਰਿਵਾਰ ਦੀ ਇੱਜ਼ਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਗੱਲ ਕਿਸੇ ਨੂੰ ਵੀ ਨਾ ਦੱਸਣ ਲਈ ਉਸ ਉੱਪਰ ਦਬਾਅ ਪਾਇਆ ਸੀ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।