ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਵਿਧਵਾ ਦੀ ਸ਼ਿਕਾਇਤ ’ਤੇ ਵਿਚੋਲੇ ਸਮੇਤ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜੀ ਬਲਾਕ ਭਾਈ ਰਣਧੀਰ ਸਿੰਘ ਨਗਰ ਵਾਸੀ ਤੇਜਬੀਰ ਸਿੰਘ ਦੀ ਪੁੱਤਰੀ ਨਵਲੀਨ ਕੌਰ ਨੇ ਦੱਸਿਆ ਹੈ ਕਿ ਬਲਵਿੰਦਰ ਸਿੰਘ, ਇੰਦਰਪ੍ਰੀਤ ਕੌਰ ਅਤੇ ਐਨਕੇ ਅਰੋੜਾ ਵਾਸੀ ਸਿਵਲ ਲਾਈਨ ਨੇ ਉਸ ਦਾ ਵਿਆਹ ਤੇਗਜੀਤ ਸਿੰਘ ਨਾਲ 29 ਅਪਰੈਲ 2018 ਨੂੰ ਕਰਵਾਇਆ ਸੀ। ਉਨ੍ਹਾਂ ਤੇਗਜੀਤ ਸਿੰਘ ਦੇ ਦਿਲ ਦੀ ਬਾਈਪਾਸ ਸਰਜਰੀ ਹੋਣ ਬਾਰੇ ਪਤਾ ਹੋਣ ਦੇ ਬਾਵਜੂਦ ਧੋਖੇ ਨਾਲ ਉਸ ਨਾਲ ਵਿਆਹ ਕਰਵਾ ਦਿੱਤਾ। ਵਿਆਹ ਤੋਂ ਕੁੱਝ ਚਿਰ ਬਾਅਦ ਹੀ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ। ਇਸ ਦੌਰਾਨ ਤੇਗਜੀਤ ਸਿੰਘ ਦੀ 27 ਅਗਸਤ 2020 ਨੂੰ ਮੌਤ ਹੋ ਗਈ। ਥਾਣੇਦਾਰ ਸੁਦਰਸ਼ਨ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵਲੋਂ ਤਫ਼ਤੀਸ਼ ਉਪਰੰਤ ਤਿੰਨਾਂ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ