ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਕਤੂਬਰ
ਥਾਣਾ ਜਮਾਲਪੁਰ ਦੀ ਪੁਲੀਸ ਨੇ ਪਤੀ-ਪਤਨੀ ਸਮੇਤ ਪੰਦਰਾਂ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਾਮ ਨਗਰ ਮੂੰਡੀਆਂ ਕਲਾਂ ਵਾਸੀ ਸੰਜਨਾ ਗੁਪਤਾ ਨੇ ਦੋਸ਼ ਲਾਇਆ ਕਿ ਉਹ ਆਪਣੀ ਮੁਨਿਆਰੀ ਦੀ ਦੁਕਾਨ ’ਤੇ ਬੈਠੀ ਹੋਈ ਸੀ ਤਾਂ ਗੁਆਂਢ ਵਿੱਚ ਰਹਿੰਦੇ ਸ਼ਿਆਮ ਕੁਮਾਰ, ਉਸਦੀ ਪਤਨੀ ਉਰਮਿਲਾ, ਪਰਮ, ਸੁਸ਼ਮਾ ਅਤੇ 10-11 ਜਣਿਆਂ ਨੇ ਉਸਦੀ ਦੁਕਾਨ ਅੰਦਰ ਆ ਕੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੱਪੜੇ ਪਾੜ ਦਿੱਤੇ। ਉਨ੍ਹਾਂ ਦੁਕਾਨ ਦੀ ਭੰਨ ਤੋੜ ਕਰਦਿਆਂ ਦੁਕਾਨ ਅੰਦਰ ਪਏ 30 ਹਜ਼ਾਰ ਰੁਪਏ ਚੋਰੀ ਕਰ ਲਏ। ਜਦੋਂ ਉਹ ਜਾਨ ਬਚਾਉਣ ਲਈ ਪਿਛਲੇ ਦਰਵਾਜ਼ੇ ਰਾਹੀਂ ਘਰ ਅੰਦਰ ਦਾਖਲ ਹੋਈ ਤਾਂ ਸ਼ਿਆਮ ਕੁਮਾਰ ਨੇ ਉਸਦਾ ਪਿੱਛਾ ਕਰਕੇ ਉਸ ਨਾਲ ਛੇੜਖਾਨੀ ਕੀਤੀ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ ’ਤੇ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਜਗਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਝਗੜਾ ਕਰਨ ਦੇ ਦੋਸ਼ ਹੇਠ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਦੁੱਗਰੀ ਰਹਿੰਦੇ ਦੋ ਭਰਾਵਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਨ੍ਹਾਂ ਵੱਲੋਂ ਹਸਪਤਾਲ ਵਿੱਚ ਲੜਾਈ ਝਗੜਾ ਕਰ ਕੇ ਹਸਪਤਾਲ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਪਿੰਡ ਕੈਂਡ ਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਧੂਰੀ ਲਾਈਨ ਸਥਿਤ ਖਰੇ ਹਸਪਤਾਲ ਵਿੱਚ ਡਿਊਟੀ ਕਰਦਾ ਹੈ। ਦੀਪਕ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਰਾਧਾਸੁਆਮੀ ਰੋਡ ਹਸਪਤਾਲ ਵਿੱਚ ਦਾਖ਼ਲ ਸੀ ਅਤੇ ਉਸਨੂੰ ਉਸ ਦੀ ਦੇਖਭਾਲ ਲਈ ਲਗਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਪੈਸਿਆਂ ਦੇ ਝਗੜੇ ਨੂੰ ਲੈ ਕੇ ਦੁੱਗਰੀ ਵਾਸੀ ਬਲਵੀਰ ਸਿੰਘ ਦੇ ਪੁੱਤਰ ਹੈਰੀ ਅਤੇ ਰਾਹੁਲ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਉਹ ਰੌਲਾ ਪਾਉਣ ਲੱਗੇ ਜਿਸ ’ਤੇ ਉਸ ਨੇ ਉਨ੍ਹਾਂ ਨੂੰ ਰੋਕਿਆ। ਉਸ ਨੇ ਦੋਸ਼ ਲਾਇਆ ਕਿ ਦੋਵਾਂ ਨੇ ਚਰਨਜੀਤ ਸਿੰਘ ਨੂੰ ਪਕੜ ਕੇ ਉਸਦੀ ਕੁੱਟਮਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਦੀਪਕ ਸਿੰਘ ਦੇ ਰਿਸ਼ਤੇਦਾਰ ਨੇ ਆ ਕੇ ਉਸ ਨੂੰ ਬਚਾਇਆ। ਪੁਲੀਸ ਵੱਲੋਂ ਦੋਵਾਂ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ