ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੁਲਾਈ
ਸ਼ਹਿਰ ’ਚ ਬੀਤੀ ਦੇਰ ਰਾਤ ਤਿੰਨ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਇੱਕ ਹੌਜ਼ਰੀ ਵਪਾਰੀ ਤੋਂ ਸਵਿਫ਼ਟ ਕਾਰ ਲੁੱਟ ਲਈ ਤੇ ਫ਼ਰਾਰ ਹੋ ਗਏ। ਪੀੜਤ ਇਸ਼ਮੀਤ ਸਿੱਧੂ ਨੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਇਸ਼ਮੀਤ ਸਿੱਧੂ ਤੋਂ ਜਾਣਕਾਰੀ ਇਕੱਠੀ ਕੀਤੀ ਤੇ ਇਸ ਤੋਂ ਬਾਅਦ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਜਮਾਲਪੁਰ ਥਾਣੇ ’ਚ ਕੇਸ ਦਰਜ ਕਰ ਲਿਆ। ਇਸ਼ਮੀਤ ਸਿੱਧੂ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਸੋਮਵਾਰ ਦੇਰ ਰਾਤ ਕੰਮ ਦੇ ਸਿਲਸਿਲੇ ’ਚ ਉਹ ਚੰਡੀਗੜ੍ਹ ਰੋਡ ’ਤੇ ਜਾ ਰਿਹਾ ਸੀ। ਕੁਝ ਦੂਰੀ ’ਤੇ ਜਾ ਕੇ ਉਹ ਬਾਥਰੂਮ ਜਾਣ ਲਈ ਰੁਕਿਆ ਤੇ ਗੱਡੀ ਇੱਕ ਪਾਸੇ ਲਾ ਦਿੱਤੀ। ਇਸ ਦੌਰਾਨ ਤਿੰਨ ਨੌਜਵਾਨ ਆਏ ਜਿਨ੍ਹਾਂ ਗੱਡੀ ਦੀ ਚਾਬੀ ਮੰਗੀ। ਇਸ਼ਮੀਤ ਨੇ ਚਾਬੀ ਦੇਣ ਤੋਂ ਮਨਾਂ ਕੀਤਾ ਤਾਂ ਉਨ੍ਹਾਂ ਗੰਨ ਪੁਆਇੰਟ ’ਤੇ ਚਾਬੀ ਖੋਹ ਲਈ ਤੇ ਗੱਡੀ ’ਚ ਬੈਠ ਗਏ, ਪਰ ਉਨ੍ਹਾਂ ਤੋਂ ਗੱਡੀ ਚਾਲੂ ਨਾ ਹੋਈ। ਉਨ੍ਹਾਂ ਇਸ਼ਮੀਤ ਨੂੰ ਗੱਡੀ ਚਾਲੂ ਕਰਨ ਲਈ ਆਖਿਆ, ਪਰ ਉਸਨੇ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਤੇ ਉਸਦੀ ਕਨਪੱਟੀ ’ਤੇ ਪਿਸਤੌਲ ਰੱਖ ਦਿੱਤੀ ਜਿਸ ਤੋਂ ਬਾਅਦ ਲੁਟੇਰੇ ਗੱਡੀ ਲੈ ਕੇ ਧਨਾਨਸੂ ਪਿੰਡ ਵੱਲ ਨਿਕਲ ਗਏ। ਥਾਣਾ ਜਮਾਲਪੁਰ ਦੀ ਐੱਸਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤੇ ਜਾਂਚ ਜਾਰੀ ਹੈ। ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।