ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੂਨ
ਪਿਤਾ ਦਾ ਇਲਾਜ ਕਰਵਾਉਣ ਲਈ ਜੰਮੂ-ਕਸ਼ਮੀਰ ਤੋਂ ਦਿੱਲੀ ਦੇ ਆਰਮੀ ਹਸਪਤਾਲ ਜਾ ਰਹੇ ਫੌਜੀ ’ਤੇ ਇੱਥੇ ਲੁਟੇਰਾ ਗਰੋਹ ਦੇ ਮੈਂਬਰਾਂ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਬਜ਼ੁਰਗ ਸਣੇ ਕਾਰ ਲੈ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਸਾਬਕਾ ਵਿਧਾਇਕ ਸੰਜੈ ਤਲਵਾੜ ਦਾ ਦਫ਼ਤਰ ਸਾਹਮਣੇ ਵਾਰਦਾਤ ਨੂੰ ਅੰਜਾਮ ਦਿੱਤਾ। ਫੌਜੀ ਭਰਾਵਾਂ ਨੇ ਕੁੱਝ ਦੂਰੀ ’ਤੇ ਪੁਲੀਸ ਦਾ ਨਾਕੇ ’ਤੇ ਵਾਰਦਾਤ ਨੂੰ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਪੀਸੀਆਰ ਵੈਨ ਪਿੱਛੇ ਲਗਾ ਕੇ ਸ਼ੇਰਪੁਰ ਚੌਕ ਨੇੜੇ ਜਾ ਕੇ ਗੱਡੀ ਛੁਡਵਾ ਲਈ ਤੇ ਘਟਨਾ ਦੀ ਜਾਣਕਾਰੀ ਥਾਣਾ ਟਿੱਬਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਜੰਮੂ ਕਸ਼ਮੀਰ ਵਾਸੀ ਸਈਦ ਅਲੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਸਈਦ ਅਲੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਤੇ ਉਸਦਾ ਭਰਾ ਫੌਜ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਦੇ ਪਿਤਾ ਗੰਭੀਰ ਬਿਮਾਰੀ ਤੋਂ ਪੀੜਤ ਹਨ ਜਿਨ੍ਹਾਂ ਨੂੰ ਇਲਾਜ ਲਈ ਉਹ ਆਰਮੀ ਹਸਪਤਾਲ ਦਿੱਲੀ ਲਿਜਾ ਰਹੇ ਸਨ। ਸਮਰਾਲਾ ਚੌਕ ਨੇੜੇ ਦੋ ਮੋਟਰਸਾਈਕਲ ਸਵਾਰਾਂ ਉਸ ਨੂੰ ਰਸਤੇ ਵਿੱਚ ਰੋਕ ਲਿਆ ਤੇ ਉਨ੍ਹਾਂ ’ਤੇ ਦਾਤ ਦੇ ਨਾਲ ਹਮਲਾ ਕਰਦਿਆਂ ਉਨ੍ਹਾਂ ਦੇ ਪਿਤਾ ਸਣੇ ਕਾਰ ਲੈ ਗਏ। ਘਟਨਾ ਦੇ ਸੂਚਨਾ ਦੇਣ ’ਤੇ ਪੁਲੀਸ ਨੇ ਪੀਸੀਆਰ ਵੈਨ ਨਾਲ ਪਿੱਛਾ ਕਰਕੇ ਮੁਲਜ਼ਮਾਂ ਨੂੰ ਰੋਕਿਆ ਤੇ ਇਸ ਦੌਰਾਨ ਹੀ ਮੁਲਜ਼ਮ ਗੱਡੀ ਛੱਡ ਕੇ ਫਰਾਰ ਹੋ ਗਏ। ਜਾਂਦੇ ਸਮੇਂ ਮੁਲਜ਼ਮ ਉਨ੍ਹਾਂ ਦਾ ਬੈਗ ਵੀ ਲੈ ਕੇ ਫ਼ਰਾਰ ਹੋ ਗਏ ਜਿਸ ਵਿੱਚ ਕੈਸ਼ ਤੇ ਹੋਰ ਕੀਮਤੀ ਸਾਮਾਨ ਸੀ।