ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੂਨ
ਪੰਜਾਬ ਕਾਂਗਰਸ ਵਿੱਚ ਸਿੱਧੂ, ਕੈਪਟਨ ਦੀ ਚੱਲ ਰਹੀ ਆਪਸੀ ਖਿੱਚੋਤਾਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜਿੱਥੇ ਕਈ ਸ਼ਹਿਰਾਂ ਵਿੱਚ ਸਿੱਧੂ ਦੇ ਹਮਾਇਤੀਆਂ ਵੱਲੋਂ ਬੋਰਡ ਲਾਏ ਜਾ ਰਹੇ ਹਨ, ਉੱਥੇ ਲੁਧਿਆਣਾ ਵਿੱਚ ਕੈਪਟਨ ਧੜੇ ਵੱਲੋਂ ਵੀ ਪ੍ਰਚਾਰ ਜ਼ੋਰਾਂ ’ਤੇ ਹੈ। ਸ਼ਹਿਰ ਦੀਆਂ ਵੱਖ ਵੱਖ ਸੜਕਾਂ ’ਤੇ ਕੈਪਟਨ ਦੇ ਹੱਕ ਵਿੱਚ ਵੱਖ ਵੱਖ ਨਾਅਰੇ ਲਿਖੇ ਹੋਰਡਿੰਗ ਲਾਏ ਗਏ ਹਨ।
ਇਨ੍ਹਾਂ ਬੋਰਡਾਂ ’ਤੇ ਕੈਪਟਨ ਦੇ ਹੱਕ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਅਰੇ ਲਿਖ ਕਿ ਸਿੱਧੇ ਤੌਰ ’ਤੇ ਕੈਪਟਨ ਦੀ ਹਮਾਇਤ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਕਾਂਗਰਸ ਦੇ ਲਗਭਗ ਸਾਰੇ ਹੀ ਛੋਟੇ ਵੱਡੇ ਆਗੂਆਂ ਵੱਲੋਂ ਆਪਣਾ ਨਾਂ ਅੱਗੇ ਲਿਆਉਣ ਦੇ ਮਕਸਦ ਨਾਲ ਕੈਪਟਨ ਦੇ ਹੱਕ ਵਿੱਚ ਬੋਰਡ ਲਾਏ ਗਏ ਹਨ। ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਬੋਰਡ ਲਗਾਉਣ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ’ਤੇ ਕੀ ਅਸਰ ਹੋਵੇਗਾ, ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਬੋਰਡ ਲਗਾਉਣ ਵਾਲੇ ਆਗੂਆਂ ਨੂੰ ਦੁਬਾਰਾ ਸਰਕਾਰ ਆਉਣ ’ਤੇ ਚੇਅਰਮੈਨੀਆਂ ਆਦਿ ਦੇ ਕੇ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾਣਗੀਆਂ। ਇਨ੍ਹਾਂ ਬੋਰਡਾਂ ਨੇ ਕੈਪਟਨ ਅਤੇ ਸਿੱਧੂ ਦੇ ਹਮਾਇਤੀਆਂ ਦੀ ਵੀ ਸਿੱਧੀ ਪਛਾਣ ਕਰਵਾ ਦਿੱਤੀ ਹੈ, ਜਿਸ ਦਾ ਭਵਿੱਖ ਦੀ ਸਿਆਸਤ ’ਤੇ ਵੀ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ।