ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁੱਲਾਂਪੁਰ ਵਿੱਚ ਰੈਲੀ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਅਤੇ ਉਨ੍ਹਾਂ ਦੀ ਪਤਨੀ ਪੁਨੀਤਾ ਸੰਧੂ ਨੇ ਆਪਣੀ ਮੁਹਿੰਮ ਨੂੰ ਚੋਣ ਗੇਅਰ ਵਿੱਚ ਪਾ ਲਿਆ ਹੈ। ਪਿੰਡ ਸ਼ੇਖ਼ੂਪੁਰਾ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਦੀ ਨਬਜ਼ ਟੋਹ ਕੇ ਹੀ ਲੋਕ ਪੱਖੀ ਨੀਤੀਆਂ ਬਣਾਈਆਂ ਹਨ, ਜਿਸ ਦੀ ਬਦੌਲਤ ਹੀ ਲੋਕਾਂ ਦਾ ਵਿਸ਼ਵਾਸ ਕਾਂਗਰਸ ਪਾਰਟੀ ਵਿੱਚ ਵਧਿਆ ਹੈ। ਉੱਧਰ ਕੈਪਟਨ ਸੰਦੀਪ ਸੰਧੂ ਦੀ ਪਤਨੀ ਪੁਨੀਤਾ ਸੰਧੂ ਨੇ ਵੀ ਪਿੰਡ ਢੈਪਈ ਦੀ ਪੰਚਾਇਤ ਨੂੰ 5 ਲੱਖ, ਲਤਾਲਾ ਨੂੰ 3 ਲੱਖ, ਗੁੱਜਰਵਾਲ ਨੂੰ 15 ਲੱਖ, ਜੁੜ੍ਹਾਹਾਂ ਨੂੰ 2 ਲੱਖ, ਮਿੰਨੀ ਛਪਾਰ ਲਈ 25 ਲੱਖ ਅਤੇ ਪਿੰਡ ਜੋਧਾਂ ਲਈ 10 ਲੱਖ ਦੀ ਗਰਾਂਟ ਦੇ ਚੈੱਕ ਵੰਡੇ। ਇਸ ਮੌਕੇ ਸਰਪੰਚ ਸਾਧੂ ਸਿੰਘ ਦਿਲਸ਼ਾਦ, ਹਰਜਾਪ ਸਿੰਘ ਚੌਕੀਮਾਨ ਮੈਂਬਰ ਬਲਾਕ ਸਮਿਤੀ, ਜਸਵੰਤ ਸਿੰਘ ਸੋਹੀਆਂ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਗ਼ਾਲਬਿ, ਸਰਪੰਚ ਸੁਖਵਿੰਦਰ ਸਿੰਘ ਲਤਾਲਾ, ਸਰਪੰਚ ਸਵਰਨ ਸਿੰਘ ਜੁੜ੍ਹਾਹਾਂ ਸਮੇਤ ਕਈ ਕਾਂਗਰਸੀ ਵਰਕਰ ਹਾਜ਼ਰ ਸਨ।
ਚਚਰਾੜੀ ਤੋਂ ਰੂਮੀ ਤੱਕ ਸੜਕ ਦਾ ਨੀਂਹ ਪੱਥਰ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਚਾਰ ਪਿੰਡਾਂ ਨਾਲ ਜੁੜੀ ਹੋਈ ਪਿੰਡ ਚਚਰਾੜੀ ਤੋਂ ਰੂਮੀ ਵਾਲੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਇਕ ਕਰੋੜ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਚਾਰ ਕਿਲੋਮੀਟਰ ਸੜਕ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ। ਸੜਕ ਨੂੰ ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਰਹੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਪਾਸ ਕਰਵਾਇਆ ਸੀ। ਉਨ੍ਹਾਂ ਹੀ ਅੱਜ ਇਸ ਦਾ ਨੀਂਹ ਪੱਥਰ ਰੱਖਣ ਪਹੁੰਚਣਾ ਸੀ ਕਿਸੇ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ’ਚ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਇਹ ਨੀਂਹ ਪੱਥਰ ਰੱਖਿਆ।