ਪੱਤਰ ਪ੍ਰੇਰਕ
ਜਗਰਾਉਂ, 19 ਅਪਰੈਲ
ਇੱਥੇ ਪੰਜਾਬ ਰੋਡਵੇਜ਼ ਤੇ ਪਨਬਸ ਜਥੇਬੰਦੀ (ਏਟਕ) ਦੇ ਮੁਲਾਜ਼ਮ ਆਗੁੂਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਠੇਕੇਦਾਰ ਪ੍ਰਕਿਰਿਆ ਅਧੀਨ ਬੱਸ ਅੱਡਿਆਂ ਦੀ ਸਫਾਈ ਕਰਦੇ ਅਤੇ ਬਿਜਲੀ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਐੱਸ. ਐੱਸ ਪ੍ਰੋਵਾਈਡਰ ਕੰਪਨੀ ਰਾਹੀਂ ਭਰਤੀ ਕੀਤੇ ਗਏ ਸਨ। ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹਾਂ ਮਿਲ ਰਹੀਆਂ ਸਨ, ਪਰ ਜਨਵਰੀ ਤੋਂ ਲੈ ਕੇ ਹੁਣ ਤੱਕ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਘਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਹੈ। ਡਿੱਪੂ ਪ੍ਰਧਾਨ ਜਗਸੀਰ ਸਿੰਘ ਨੇਰ੍ਹੀ, ਕੁਲਦੀਪ ਖਹਿਰਾ, ਅਰੁਣਦੀਪ ਸਿੰਘ, ਰਸਾਲ ਸਿੰਘ, ਜਗਦੀਸ਼ ਕਾਉਂਕੇ, ਰੁਸਤਮ ਸਿੰਘ, ਚੇਤਨ ਕੁਮਾਰ, ਮੰਗਾ ਸਿੰਘ ਅਤੇ ਨਰੇਸ਼ ਕੁਮਾਰ ਨੇ ਆਖਿਆ ਕਿ ਇਨ੍ਹਾਂ ਮੁਲਾਜ਼ਮਾਂ ਦੇ ਘਰਾਂ ਦੀ ਹਾਲਤ ਤਸਰਯੋਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਡਿੱਪੂ ਮੈਨੇਜਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਇਸ ਦੌਰਾਨ ਆਗੂਆਂ ਨੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਬਿਨਾਂ ਦੇਰੀ ਜਾਰੀ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਤਨਖਾਹਾਂ ਨਾ ਮਿਲਣ ਦੀ ਸੂਰਤ ’ਚ ਸਘੰਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ।