ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਜੂਨ
ਅੱਜ ਇਥੋਂ ਦੇ ਲਲਹੇੜੀ ਚੌਕ ਵਿੱਚ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਦਿੱਤੇ ਸੱਦੇ ’ਤੇ ਵੱਖ-ਵੱਖ ਜੱਥੇਬੰਦੀਆਂ ਨੇ ਹਰਚੰਦ ਸਿੰਘ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰ ਵਿਰੋਧੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਮਜ਼ਦੂਰ-ਕਿਸਾਨਾਂ ਨੇ ਸਾਂਝਾ ਇੱਕਠ ਕਰਕੇ ਕਾਲੇ ਕਾਨੂੰਨ ਅਤੇ ਚਾਰ ਲੇਬਰ ਕੋਡ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਆਰਐੱਸਪੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ, ਅਮਰ ਸਿੰਘ ਭੱਟੀਆ, ਲੋਕ ਇਨਸਾਫ਼ ਪਾਰਟੀ ਤੋਂ ਸਰਬਜੀਤ ਸਿੰਘ ਕੰਗ, ਸੀਪੀਆਈ (ਐੱਮ) ਤੋਂ ਬਲਬੀਰ ਸਿੰਘ ਸੁਹਾਵੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਪਹਿਲਾ ਹੀ ਦੇਸ਼ ਦੀ ਜਨਤਾ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਲੱਖਾਂ ਲੋਕ ਆਪਣਾ ਰੁਜ਼ਗਾਰ ਗਵਾ ਚੁੱਕੇ ਹਨ, ਪ੍ਰੰਤੂ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਦਿਨੋਂ ਦਿਨ ਕੀਤੀ ਜਾ ਰਹੀ ਅੱਤ ਦੀ ਮਹਿੰਗਾਈ ਨੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਮੋਦੀ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਦੀ ਥਾਂ ਡੀਜ਼ਲ, ਪੈਟਰੋਲ, ਖਾਣ ਵਾਲੇ ਤੇਲ, ਰਸੋਈ ਗੈਸ ਤੇ ਹੋਰ ਘਰੇਲੂ ਵਸਤਾਂ ਨੂੰ ਆਮ ਆਦਮੀ ਤੋਂ ਦੂਰ ਕਰ ਰਹੀ ਹੈ। ਕਾਰਪੋਰੇਟ ਅਦਾਰੇ ਮੁਨਾਫ਼ਾ ਕਮਾ ਰਹੇ ਹਨ ਅਤੇ ਦੇਸ਼ ਦਾ ਗਰੀਬ ਕਿਰਤੀ ਮਜ਼ਦੂਰ ਆਰਥਿਕ ਮੰਦੀ ਕਾਰਨ ਮਹਿੰਗਾਈ ਦੀ ਭੱਠੀ ਵਿਚ ਬਲ ਰਿਹਾ ਹੈ। ਕੇਂਦਰ ਸਰਕਾਰ ਨੇ ਕਾਰਪੋਰੇਟਸ ਨੂੰ ਦੋਵੇਂ ਹੱਥੀਂ ਲੁੱਟਣ ਦੀ ਖੁੱਲ੍ਹ ਦੇ ਕੇ ਆਮ ਕਿਸਾਨ-ਮਜ਼ਦੂਰਾਂ ਲਈ ਖ਼ਤਰੇ ਦੀ ਘੰਟੇ ਵਜਾ ਦਿੱਤੀ ਹੈ ਅਤੇ ਇਹ ਕਾਨੂੰਨ ਕਿਸਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਗੇ ਤੇ ਖੇਤੀ ਸੈਕਟਰ ਸਰਮਾਏਦਾਰਾਂ ਦੇ ਹੱਥ ਵਿੱਚ ਚਲਾ ਜਾਵੇਗਾ।