ਗਗਨਦੀਪ ਅਰੋੜਾ
ਲੁਧਿਆਣਾ, 23 ਸਤੰਬਰ
ਲੰਮੇ ਸਮੇਂ ਤੋਂ ਰਾਜਨੀਤੀ ਦਾ ਅਖਾੜਾ ਬਣਿਆ ਲੁਧਿਆਣਾ ਦਾ ਬੁੱਢਾ ਨਾਲੇ ਦਾ ਪਾਣੀ ਅੱਜ ਫਿਰ ਤੇਜ਼ ਮੀਂਹ ਕਾਰਨ ਓਵਰਫਲੋਅ ਹੋ ਗਿਆ। ਅੱਜ ਸਵੇਰ ਤੋਂ ਹੀ ਸਨਅਤੀ ਸ਼ਹਿਰ ਵਿੱਚ ਮੀਂਹ ਪੈ ਰਿਹਾ ਸੀ, ਸਵੇਰੇ 10.30 ਵਜੇ ਦੇ ਆਸਪਾਸ ਚਾਂਦ ਸਿਨੇਮਾ ਦੇ ਨੇੜੇ ਭਾਈ ਮੰਨਾ ਸਿੰਘ ਨਗਰ ਵਿੱਚ ਤਾਂ ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ’ਚ ਭਰ ਗਿਆ। ਜਿਵੇਂ ਘਟਨਾ ਦਾ ਪਤਾ ਨਿਗਮ ਅਫ਼ਸਰਾਂ ਨੂੰ ਲੱਗਿਆ ਤਾਂ ਉਹ ਤੁਰੰਤ ਮੌਕੇ ’ਤੇ ਜੇਸੀਬੀ ਲੈ ਕੇ ਪੁੱਜ ਗਏ ਅਤੇ ਬੁੱਢੇ ਨਾਲੇ ਦੇ ਓਵਰ ਫਲੋਅ ਹੋ ਰਹੇ ਪਾਣੀ ਨੂੰ ਰੋਕਿਆ। ਬੁੱਢੇ ਨਾਲੇ ਦੇ ਨਾਲ ਲੱਗਦੇ ਨਿਊ ਸ਼ਿਵਪੁਰੀ ਇਲਾਕੇ ਦੇ ਘਰਾਂ ’ਚ ਪਾਣੀ ਤੱਕ ਦਾਖਲ ਹੋ ਗਿਆ। ਜਿਸ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪੁੱਜ ਮੁਰੰਮਤ ਕਰਵਾਈ। ਦਰਅਸਲ, ਲੁਧਿਆਣਾ ਵਿੱਚ ਵੀਰਵਾਰ ਸਵੇਰੇ ਤੜਕੇ ਤੋਂ ਹੀ ਮੀਂਹ ਪੈ ਰਿਹਾ ਸੀ, ਪਿਛਲੇ ਦਿਨਾਂ ਵਿੱਚ ਵੀ ਕਾਫ਼ੀ ਮੀਂਹ ਪਇਆ। ਇਸ ਕਾਰਨ ਅੱਜ ਤੇਜ਼ ਮੀਂਹ ਨੇ ਬੁੱਢੇ ਨਾਲੇ ਨੂੰ ਨੱਕੋ ਨੱਕ ਭਰ ਦਿੱਤਾ। ਭਾਈ ਮੰਨਾ ਸਿੰਘ ਨਗਰ ਇਲਾਕੇ ਵਿੱਚ ਤਾਂ ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋ ਗਿਆ, ਇੱਥੇ ਲੋਕਾਂ ਵੱਲੋਂ ਨੇੜੇ ਖੇਤਾਂ ਵਿੱਚ ਸਬਜ਼ੀਆਂ ਬੀਜੀਆਂ ਹੋਈਆਂ ਸਨ, ਜੋ ਕਿ ਗੰਦੇ ਪਾਣੀ ਦੇ ਕਾਰਨ ਖ਼ਰਾਬ ਹੋ ਗਈਆਂ। ਬੁੱਢੇ ਨਾਲੇ ਦਾ ਪਾਣੀ ਓਵਰਫੋਲਅ ਹੋਣ ਦੀ ਖ਼ਬਰ ਮਿਲਦੇ ਹੀ ਨਗਰ ਨਿਗਮ ਦੇ ਮੁਲਾਜ਼ਮ ਆਪਣੀ ਟੀਮ ਦੇ ਨਾਲ ਮੌਕੇ ’ਤੇ ਪੁੱਜ ਗਏ, ਜੇਸੀਬੀ ਮਸ਼ੀਨ ਦੇ ਨਾਲ ਜਿਹੜਾ ਹਿੱਸਾ ਬੁੱਢੇ ਨਾਲੇ ਟੁੱਟਿਆ ਸੀ ਤੇ ਉਥੋਂ ਪਾਣੀ ਬਾਹਰ ਆਇਆ ਸੀ, ਉਸ ਨੂੰ ਮਿੱਟੀ ਪਾ ਕੇ ਭਰ ਦਿੱਤਾ ਗਿਆ। ਇਸ ਤੋਂ ਇਲਾਵਾ ਕੁੰਦਨਪੁਰੀ ਤੇ ਸ਼ਿਵਪੁਰੀ ਇਲਾਕੇ ਵਿੱਚ ਵੀ ਬੁੱਢੇ ਨਾਲੇ ਦਾ ਪਾਣੀ ਉਪਰ ਤੱਕ ਭਰਿਆ ਹੋਣ ਕਾਰਨ ਗਲੀਆਂ ਵਿੱਚ ਵੜ੍ਹ ਗਿਆ ਸੀ। ਉਧਰ, ਮੇਅਰ ਬਲਕਾਰ ਸਿੰਘ ਸੰਧੂ ਵੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜਿੱਥੇ ਜਿੱਥੇ ਵੀ ਜ਼ਰੂਰਤ ਹੈ, ਉਥੇ ਮਿੱਟੀ ਦੇ ਨਾਲ ਬਚਾਅ ਕਾਰਜ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਹਰ ਸਾਲ ਲੱਖਾਂ ਰੁਪਏ ਲਗਾ ਕੇ ਬਾਰਸ਼ਾਂ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਂਦਾ ਹੈ, ਇਸ ਸਾਲ ਮੀਂਹ ਦੌਰਾਨ ਪਹਿਲਾਂ ਵੀ ਬੁੱਢਾ ਨਾਲਾ ਓਵਰਫਲੋਅ ਹੋ ਗਿਆ ਸੀ ਤੇ ਹੁਣ ਫਿਰ ਬੁੱਢੇ ਨਾਲੇ ਦਾ ਪਾਣੀ ਬਾਹਰ ਆ ਗਿਆ।