ਪੱਤਰ ਪ੍ਰੇਰਕ
ਮਾਛੀਵਾੜਾ, 25 ਜਨਵਰੀ
ਬਹੁਜਨ ਸਮਾਜ ਪਾਰਟੀ ਹਲਕਾ ਸਾਹਨੇਵਾਲ ਦੀ ਅਹਿਮ ਮੀਟਿੰਗ ਦਿਹਾਤੀ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮੂਹ ਲੀਡਰਸ਼ਿਪ ਨੇ ਭਾਗ ਲਿਆ। ਮੀਟਿੰਗ ਵਿਚ ਗੱਠਜੋੜ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ’ਚੋਂ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਾਰੇ ਆਗੂਆਂ ਦੇ ਵਿਚਾਰ ਲੈਣ ਉਪਰੰਤ ਮਜ਼ਬੂਤ ਰਣਨੀਤੀ ਬਣਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਦੁਲਮਾ ਨੇ ਕਿਹਾ ਕਿ ਹਲਕਾ ਸਾਹਨੇਵਾਲ ’ਚ ਬਸਪਾ ਦੀ ਸਾਰੀ ਲੀਡਰਸ਼ਿਪ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ ਅਤੇ ਗੱਠਜੋੜ ਦੇ ਉਮੀਦਵਾਰ ਢਿੱਲੋਂ ਇਤਿਹਾਸਿਕ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਲਾਭ ਸਿੰਘ ਭਾਮੀਆਂ, ਕੁਲਦੀਪ ਸਿੰਘ ਕੀਪੀ, ਸੁਰਿੰਦਰ ਮੇਹਰਬਾਨ, ਹਰਪ੍ਰੀਤ ਸਿੰਘ ਜਮਾਲਪੁਰ, ਮਾਸਟਰ ਰਾਮਾਨੰਦ ਅਤੇ ਸੋਨੂੰ ਕੌਲ ਨੇ ਕਿਹਾ ਕਿ ਉਹ ਗੱਠਜੋੜ ਦਾ ਏਜੰਡਾ ਲੈ ਕੇ ਹਲਕੇ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।