ਪੱਤਰ ਪ੍ਰੇਰਕ
ਰਾਏਕੋਟ, 30 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਏਕੋਟ ਤੋਂ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੂੰ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਰਾਏਕੋਟ ਹਲਕੇ ਤੋਂ ਉਮੀਦਵਾਰ ਬਣਾਏ ਜਾਣ ’ਤੇ ਇਤਰਾਜ਼ ਜਤਾਉਂਦਿਆਂ, ਸੁਰਿੰਦਰ ਸਿੰਘ ਪੱਪੀ ਸਪਰਾ ਨੇ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਪੀ ਸਪਰਾ ਨੇ ਕਿਹਾ ਕਿ ਬਸਪਾ ਦੇ ਸੂਬਾਈ ਪ੍ਰਧਾਨ ਵੱਲੋਂ ਰਾਏਕੋਟ ਹਲਕੇ ਤੋਂ ਉਮੀਦਵਾਰ ਦੀ ਚੋਣ ਨੂੰ ਲੈ ਕੇ ਹਲਕਾ ਇੰਚਾਰਜ ਤੇ ਵਰਕਰਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਦੀ ਜਲੰਧਰ ਵਿੱਚ ਹੋਈ ਮੀਟਿੰਗ ਵਿੱਚ ਉਹ ਸ਼ਾਮਲ ਹੋਏ ਸਨ, ਪ੍ਰੰਤੂ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਵਲੋਂ ਪਹਿਲਾਂ ਹੀ ਫੈਸਲਾ ਕਰ ਲਿਆ ਗਿਆ, ਜਿਸ ’ਤੇ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ।