ਸਤਵਿੰਦਰ ਬਸਰਾ
ਲੁਧਿਆਣਾ, 10 ਜੁਲਾਈ
ਬੀਤੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲੁਧਿਆਣਾ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਕਈ-ਕਈ ਫੁੱਟ ਡੂੰਘੇ ਟੋਏ ਪੈਣ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਦਸੇ ਦੇ ਡਰੋਂ ਲੋਕਾਂ ਨੇ ਆਪਣੇ ਰਾਹ ਹੀ ਬਦਲ ਲਏ ਹਨ। ਅੱਜਕੱਲ੍ਹ ਮੀਂਹ ਦਾ ਮੌਸਮ ਹੋਣ ਕਰਕੇ ਸ਼ਹਿਰ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਕਈ ਲਿੰਕ ਸੜਕਾਂ ਦੀ ਹਾਲਤ ਤਾਂ ਇੰਨੀ ਖਸਤਾ ਹੋ ਗਈ ਕਿ ਉਥੋਂ ਪੈਦਲ ਲੰਘਣਾ ਵੀ ਮੁਸ਼ਕਲ ਹੈ। ਸਥਾਨਕ ਰਾਹੋਂ ਰੋਡ ’ਤੇ ਪੈਂਦੇ ਪਿੰਡ ਗੌਂਸਗੜ੍ਹ ਨੇੜੇ ਵੀ ਸੜਕ ਦਾ ਇਹੋ ਹਾਲ ਦੇਖਿਆ ਜਾ ਸਕਦਾ ਹੈ। ਇਸ ਸੜਕ ’ਤੇ ਕਈ ਕਈ ਫੁੱਟ ਡੂੰਘੇ ਟੋਏ ਪੈ ਗਏ ਹਨ। ਇਨ੍ਹਾਂ ਟੋਇਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਵਾਹਨ ਚਾਲਕ ਨੂੰ ਡੂੰਘਾਈ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੋ ਗਿਆ ਹੈ। ਇਸੇ ਕਾਰਨ ਰਾਤ ਦੇ ਸਮੇਂ ਇੱਥੋਂ ਲੰਘਣ ਵਿੱਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੌਂਸਗੜ੍ਹ ਨੇੜੇ ਰਹਿੰਦੇ ਸਤਨਾਮ ਸਿੰਘ ਨੇ ਦੱਸਿਆ ਕਿ ਮੀਂਹ ਤਾਂ ਹੁਣ 10-12 ਦਿਨਾਂ ਤੋਂ ਪੈਣ ਲੱਗੇ ਹਨ ਪਰ ਇਸ ਸੜਕ ਦਾ ਹਾਲ ਤਾਂ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਦਾ ਹੈ। ਆਏ ਦਿਨ ਹਾਦਸੇ ਵੀ ਹੁੰਦੇ ਰਹਿੰਦੇ ਹਨ। ਕਈ ਲੋਕਾਂ ਨੇ ਤਾਂ ਸ਼ਹਿਰ ਆਉਣ-ਜਾਣ ਲਈ ਆਪਣਾ ਰਾਸਤੇ ਤੱਕ ਬਦਲ ਲਿਆ ਹੈ। ਕਈ ਲੋਕ ਮੱਤੇਵਾੜੇ ਤੋਂ ਧਨਾਨਸੂ ਅਤੇ ਧਨਾਨਸੂ ਤੋਂ ਤਾਜਪੁਰ ਰੋਡ ਹੋ ਕੇ ਸਮਰਾਲਾ ਚੌਕ ਪਹੁੰਚਦੇ ਹਨ, ਜਦਕਿ ਕਈ ਧਨਾਨਸੂ ਤੋਂ ਵਾਇਆ ਰਾਮਗੜ੍ਹ ਰਾਹੀਂ ਸਮਰਾਲਾ ਚੌਕ ਪੁੱਜਦੇ ਹਨ। ਇਸੇ ਤਰ੍ਹਾਂ ਟਿੱਬਾ ਰੋਡ ਅਤੇ ਤਾਜਪੁਰ ਸੜਕ ਨੂੰ ਰਾਹੋਂ ਰੋਡ ਨਾਲ ਜੋੜਦੀਆਂ ਲਿੰਕ ਸੜਕਾਂ ਦੀ ਹਾਲਤ ਵੀ ਕਾਫੀ ਖਰਾਬ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਭਾਵੇਂ ਸੜਕਾਂ ਬਣਾਉਣੀਆਂ ਮੁਸ਼ਕਲ ਹਨ ਪਰ ਟੋਇਆਂ ਨੂੰ ਬਜਰੀ ਜਾਂ ਇੱਟਾਂ ਲਗਾ ਕਿ ਭਰਿਆ ਜਾ ਸਕਦਾ ਹੈ।