ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਪਰੈਲ
ਪੰਜਾਬ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਐਂਟੀ ਕਰੱਪਸ਼ਨ ਹੈਲਪਲਾਈਨ ’ਤੇ ਦੋ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ’ਤੇ ਵਿਜੀਲੈਂਸ ਵਿਭਾਗ ਨੇ ਕਾਰਵਾਈ ਕੀਤੀ ਹੈ। ਸ਼ਿਕਾਇਤ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਤੇ ਹੈੱਡ ਕਾਂਸਟੇਬਲ ਦੇ ਖ਼ਿਲਾਫ਼ ਕੀਤੀ ਗਈ, ਜਿਨ੍ਹਾਂ ’ਤੇ ਕਾਰਵਾਈ ਕਰਦਿਆਂ ਦੋਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪਹਿਲੇ ਮਾਮਲੇ ’ਚ ਡੀਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਥਾਣਾ ਡਿਵੀਜ਼ਨ ਨੰਬਰ-8 ਦੇ ਸਾਂਝ ਕੇਂਦਰ ’ਚ ਤਾਇਨਾਤ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਿਊ ਦੀਪ ਨਗਰ ਵਾਸੀ ਰਾਹੁਲ ਸਾਹਨੀ ਨੇ ਉਸ ਦੇ ਖ਼ਿਲਾਫ਼ ਐਂਟੀ ਕਰੱਪਸ਼ਨ ਨੰਬਰ ’ਤੇ ਸ਼ਿਕਾਇਤ ਦਿੱਤੀ ਸੀ, ਜਿਸ ’ਚ ਉਸ ਨੇ ਦੱਸਿਆ ਕਿ ਮੁਲਾਜ਼ਮ ਨੇ ਪਾਸਪੋਰਟ ਰੀਨਿਊ ਦੀ ਵੈਰੀਫਿਕੇਸ਼ਨ ਕਰਨ ਦੇ ਬਦਲੇ ’ਚ ਉਸ ਕੋਲੋਂ 20 ਹਜ਼ਾਰ ਰੁਪਏ ਮੰਗ ਰਿਹਾ ਸੀ। ਡੀਐੱਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੂਜੇ ਮਾਮਲੇ ’ਚ ਥਾਣਾ ਜਮਾਲਪੁਰ ਵਿੱਚ ਤਾਇਨਾਤ ਏਐੱਸਆਈ ਕਮਲਜੀਤ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸਾਈਂ ਇਨਕਲੇਵ ਵਾਸੀ ਕੁਲਦੀਪ ਵਰਮਾ ਨੇ ਸ਼ਿਕਾਇਤ ’ਚ ਦੱਸਿਆ ਕਿ ਏਐੱਸਆਈ ਨੇ ਥਾਣਾ ਜਮਾਲਪੁਰ ’ਚ ਉਸਦੇ ਪਿਤਾ ਅਤੇ ਭਰਾ ਦਾ ਕੇਸ ਰਫ਼ਾ-ਦਫ਼ਾ ਕਰਨ ਲਈ 30 ਹਜ਼ਾਰ ਰੁਪਏ ਮੰਗੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਾਂ ਤੇ ਸਬੂਤਾਂ ਦੇ ਆਧਾਰ ’ਤੇ ਦੋਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।