ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਸਤੰਬਰ
ਜਰਖੜ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਵਿੱਚ ਉਸ ਵੇਲੇ ਹੋਰ ਵਾਧਾ ਹੋਵੇਗਾ ਜਦੋਂ ਹਾਕੀ ਦੇ ਨਾਲ ਨਾਲ ਜਰਖੜ ਵਿਚ ਮੁੱਕੇਬਾਜ਼ੀ ਅਕੈਡਮੀ ਖੁੱਲੇਗੀ। ਇਸ ਅਕੈਡਮੀ ਦਾ ਨਾਮ ‘5ਜਾਬ ਮੁੱਕੇਬਾਜ਼ੀ ਅਕੈਡਮੀ ਜਰਖੜ’ ਹੋਵੇਗਾ, ਜਿਸ ਨੂੰ 5ਜਾਬ ਫਾਊਂਡੇਸ਼ਨ ਮੁੱਖ ਤੌਰ ’ਤੇ ਸਪਾਂਸਰ ਕਰੇਗੀ। ਇਸ ਅਕੈਡਮੀ ਵਿੱਚ ਇਲਾਕੇ ਦੇ ਮੁੰਡੇ ਅਤੇ ਕੁੜੀਆਂ ਨੂੰ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ। ਜਰਖੜ ਸਟੇਡੀਅਮ ਦਾ ਦੌਰਾ ਕਰਨ ਆਏ ਫਾਊਂਡੇਸ਼ਨ ਦੇ ਵਫ਼ਦ ਜਗਦੀਪ ਸਿੰਘ ਘੁੰਮਣ, ਬਲਵੰਤ ਸਿੰਘ ਚਕਰ ਨੇ ਦੱਸਿਆ ਕਿ ਆਈਪੀਐੱਲ ਨੂੰ ਮੁੱਖ ਸਪਾਂਸਰ ਕਰਨ ਵਾਲੀ ਕੰਪਨੀ ਡਰੀਮ ਸਪੋਰਟਸ ਫਾਊਂਡੇਸ਼ਨ ਪੰਜਾਬ ਵਿੱਚ ਵੱਡੇ ਪੱਧਰ ’ਤੇ ਖੇਡਾਂ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਹੈ। ਉਸ ਦੇ ਅਧੀਨ ਕੰਮ ਕਰ ਰਹੀ 5ਜਾਬ ਫਾਊਂਡੇਸ਼ਨ ਨੇ ਪੰਜਾਬ ਵਿੱਚ ਤਿੰਨ ਸੈਂਟਰ ਜਿਨ੍ਹਾਂ ਵਿੱਚ ਚਕਰ ਵਿੱਚ ਮੁੱਕੇਬਾਜ਼ੀ ਅਕੈਡਮੀ, ਜਰਖੜ (ਲੁਧਿਆਣਾ) ਤੇ ਤਲਵਾੜਾ (ਕਪੂਰਥਲਾ) ਵਿੱਚ ਮੁੱਕੇਬਾਜ਼ੀ ਦੇ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੂੰ ਵੀ 5ਜਾਬ ਫਾਉਂਡੇਸ਼ਨ ਵੱਡੇ ਪੱਧਰ ’ਤੇ ਸਪਾਂਸਰਸ਼ਿਪ ਦੇਵੇਗੀ।