ਕਿਸਾਨਾਂ ਦੇ ਵਿਰੋਧ ਕਾਰਨ ਸਰਕਾਰੀ ਸੰਸਥਾਵਾਂ ’ਚੋਂ ਸਮਾਰਟ ਮੀਟਰ ਉਤਾਰੇਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਪਾਵਰਕੌਮ ਵੱਲੋਂ ਪੰਜਾਬ ਭਰ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਸਮਾਰਟ ਮੀਟਰ ਲਾਉਣ ਦੀ ਮੁਹਿੰਮ ਦਾ ਆਮ ਲੋਕਾਂ ਖ਼ਾਸਕਰ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਜਾਰੀ ਹੈ। ਪਿੰਡ ਬੋਪਾਰਾਏ ਕਲਾਂ ਦੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੀ ਇਮਾਰਤ ਅੰਦਰ ਵਿਭਾਗ ਵੱਲੋਂ ਸਮਾਰਟ ਮੀਟਰ ਲਾਏ ਜਾਣ ਦੀ ਸੂਚਨਾ ਮਿਲਣ ਉਪਰੰਤ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੈਂਕੜੇ ਕਾਰਕੁਨਾਂ, ਅਹੁਦੇਦਾਰਾਂ ਨੇ ਜ਼ੋਰਦਾਰ ਵਿਰੋਧ ਕਰਦਿਆਂ ਲਿੰਕ ਸੜਕ ਉੱਪਰ ਹੀ ਰੋਕਾਂ ਲਗਾ ਕੇ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ। ਬਲਾਕ ਪ੍ਰਧਾਨ ਰਣਬੀਰ ਸਿੰਘ ਸੰਘੇੜਾ, ਸੁਖਰਾਜ ਸਿੰਘ, ਗੁਰਿੰਦਰਜੀਤ ਸੰਘੇੜਾ, ਕੁਲਵੰਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਕਾਲਾ, ਅਜੈਬ ਸਿੰਘ, ਗੁਰਮੇਲ ਦਿਉਲ, ਅਮਰ ਸਿੰਘ ਨੇ ਸਮਾਰਟ ਮੀਟਰ ਲਾਏ ਜਾਣ ਲਈ ਪਿੰਡ ਦੇ ਮੌਜੂਦਾ ਸਰਪੰਚ ਲਖਵੀਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਸਰਪੰਚ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦੇ ਖ਼ਿਲਾਫ਼ ਸਮਾਰਟ ਮੀਟਰ ਲਾਉਣ ਲਈ ਵਿਭਾਗ ਦੀ ਸਹਾਇਤਾ ਕਰ ਰਹੇ ਹਨ। ਇਸ ਸਬੰਧੀ ਪੱਖ ਜਾਣਨ ਲਈ ਸਰਪੰਚ ਲਖਵੀਰ ਸਿੰਘ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਫ਼ੋਨ ਬੰਦ ਮਿਲਿਆ। ਨੌਜਵਾਨਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਵਿਚ ਕਿਸੇ ਵੀ ਅਦਾਰੇ ਜਾਂ ਘਰ ਵਿਚ ਅਜਿਹੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਆਵਾਜਾਈ ਠੱਪ ਹੋਣ ਦੀ ਸੂਚਨਾ ਮਿਲਦੇ ਹੀ ਪਾਵਰਕੌਮ ਦੇ ਅਧਿਕਾਰੀਆਂ ਨੇ ਮੌਕੇ ਉੱਪਰ ਪਹੁੰਚ ਕੇ ਮੀਟਰ ਉਤਾਰ ਦਿੱਤੇ। ਬਲਾਕ ਪ੍ਰਧਾਨ ਰਣਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ।
ਕੈਪਸ਼ਨ: ਪਿੰਡ ਬੋਪਾਰਾਏ ਕਲਾਂ ਵਿਚ ਸਮਾਰਟ ਮੀਟਰਾਂ ਵਿਰੁੱਧ ਆਵਾਜਾਈ ਠੱਪ ਕਰਦੇ ਹੋਏ ਕਿਸਾਨ ਆਗੂ।-ਫੋਟੋ: ਗਿੱਲ