ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਫਰਵਰੀ
ਪੰਜਾਬ ਕਾਂਗਰਸ ਦੇ ਵੱਲੋਂ ਸਰਕਾਰ ਆਉਣ ’ਤੇ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ। ਇਸਦਾ ਐਲਾਨ ਰਾਹੁਲ ਗਾਂਧੀ ਦੇ ਵੱਲੋਂ ਕਰ ਦਿੱਤਾ ਗਿਆ। ਇਸ ਤੋ ਬਾਅਦ ਕਾਂਗਰਸ ਦੇ ਵੱਲੋਂ ਆਪਣੇ ਪ੍ਰਚਾਰ ਦਾ ਤਰੀਕਾ ਬਦਲ ਦਿੱਤਾ ਗਿਆ। ਪਹਿਲਾਂ ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ ਦੇ ਨਾਲ ਹੁਣ ਸਾਡਾ ਚੰਨੀ ਸਾਡਾ ਮੁੱਖ ਮੰਤਰੀ ਦਾ ਨਵਾਂ ਨਾਅਰਾ ਦਿੱਤਾ ਗਿਆ ਹੈ। ਸਨਅਤੀ ਸ਼ਹਿਰ ਵਿੱਚ ਹੁਣ ਸਾਡਾ ਚੰਨੀ ਸਾਡਾ ਸੀਐਮ ਦੇ ਨਵੇਂ ਬੋਰਡ ਲਗਾਏ ਗਏ ਹਨ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਦੀ ਤਿਕੜੀ ਵਾਲੀ ਬੋਰਡ ਸਨ। ਪਰ ਹੁਣ ਚਰਨਜੀਤ ਸਿੰਘ ਚੰਨੀ ਫੋਟੋ ਵੱਡੀ, ਸੁਨੀਲ ਜਾਖੜ ਸਮੇਤ ਨਵਜੋਤ ਸਿੰਘ ਸਿੱਧੂ ਦੀ ਫੋਟੋ ਨੂੰ ਛੌਟਾ ਕਰ ਦਿੱਤਾ ਗਿਆ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਇਹ ਦੇਖਿਆ ਜਾ ਰਿਹਾ ਸੀ ਕਿ ਪ੍ਰਚਾਰ ਕਿਵੇਂ ਚਲਾਇਆ ਜਾਵੇ ਤਾਂ ਕਿ ਕੋਈ ਨਾਰਾਜ਼ ਨਾ ਹੋ ਸਕੇ। ਜਿਸ ਤੋਂ ਬਾਅਦ ਕਾਂਗਰਸ ਦੇ ਵੱਡੇ ਆਗੂਆਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਤੇ ਚਰਨਜੀਤ ਸਿੰਘ ਚੰਨੀ ਤਿੰਨਾਂ ਨੂੰ ਅੱਗੇ ਰੱਖਿਆ ਜਾਵੇ। ਪੂਰੇ ਪੰਜਾਬ ’ਚ ਬੋਰਡ ਲਾ ਦਿੱਤੇ ਗਏ ਅਤੇ ਤਿੱਕੜੀ ਦੀ ਫੋਟੋ ਵੀ ਲਾ ਦਿੱਤੀ ਗਈ। ਤਿੰਨੇ ਵੱਡੇ ਆਗੂਆਂ ਦੀ ਫੋਟੋ ਲਾ ਕੇ ਕਾਂਗਰਸ ਕਈ ਥਾਂਵਾਂ ’ਤੇ ਫਾਇਦਾ ਲੈਣਾ ਚਾਹ ਰਹੀ ਸੀ।
ਹੁਣ ਚੰਨੀ ਦੇ ਨਾਂ ’ਤੇ ਮੰਗੀ ਜਾ ਰਹੀ ਹੈ ਹਮਾਇਤ
ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਪ੍ਰਚਾਰ ਕੀਤਾ ਜਾ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ, ਪਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਤੋਂ ਬਾਅਦ ਭਗਵੰਤ ਮਾਨ ਦੇ ਨਾਮ ’ਤੇ ਹੀ ਵੋਟਾਂ ਮੰਗੀਆਂ ਜਾਣ ਲੱਗੀਆਂ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕਿਤੇ ਨਾ ਕਿਤੇ ਖੁਸ਼ ਹਨ ਤੇ ਉਹ ਹੁਣ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਹੀ ਵੋਟਾਂ ਮੰਗ ਰਹੇ ਹਨ। ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ 111 ਦਿਨ ਦੀ ਸਰਕਾਰ ਦੇ ਕੰਮਾਂ ਦੇ ਫਾਇਦੇ ਗਿਣਾ ਕੇ ਵੋਟ ਮੰਗ ਰਹੇ ਹਨ ਤਾਂ ਕਿ ਦੁਬਾਰਾ ਸਰਕਾਰ ਬਣਾਈ ਜਾ ਸਕੇ।