ਗੁਰੂਸਰ ਸੁਧਾਰ (ਸੰਤੋਖ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਲੁਧਿਆਣਾ ਦੇ ਸੁਧਾਰ ਅਤੇ ਪੱਖੋਵਾਲ ਸਮੇਤ ਹੋਰ ਬਲਾਕਾਂ ਦੇ ਕਿਸਾਨ ਆਗੂਆਂ ਦੀ ਦਿੱਲੀ ਦੀ ਟਿੱਕਰੀ ਸਰਹੱਦ ਉੱਪਰ ਬਹਾਦਰਗੜ੍ਹ ਦੇ ਨਵੇਂ ਬੱਸ ਅੱਡੇ ਨੇੜੇ ਇਕ ਅਹਿਮ ਮੀਟਿੰਗ ਦੌਰਾਨ ਪਿਛਲੇ ਸਾਢੇ ਪੰਜ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਮੋਰਚੇ ਦੀ ਸਮੀਖਿਆ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਸਵਰਨਜੀਤ ਸਿੰਘ ਬਿੱਲੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮੋਰਚਾ ਪੂਰੇ ਜੋਸ਼ੋ ਖਰੋਸ਼ ਅਤੇ ਸ਼ਾਂਤਮਈ ਤਰੀਕੇ ਨਾਲ਼ ਚੱਲ ਰਿਹਾ ਹੈ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਦੇ ਅੰਦਰ ਹਾਹਾਕਾਰ ਮੱਚੀ ਹੋਈ ਹੈ, ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਬੈਠ ਕੇ ਹੀ ਸਰਕਾਰ ਦਾ ਜੀਣਾ ਹਰਾਮ ਕਰ ਦਿੱਤਾ ਹੈ, ਪਰ ਵੋਟ ਬਟੋਰੂ ਰਾਜਨੀਤਿਕ ਪਾਰਟੀਆਂ ਨੂੰ 2022 ਵਿਚ ਆ ਰਹੀਆਂ ਚੋਣਾਂ ਦਾ ਮੈਦਾਨ ਹੀ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ ਹੇਠ ਕਿਸਾਨ ਮੋਰਚੇ ਨੂੰ ਖ਼ਤਮ ਕਰਾਉਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਗੁਰਚਰਨ ਸਿੰਘ ਸ਼ੰਕਰ, ਕੁਲਦੀਪ ਸਿੰਘ ਗੁਰਮ, ਬਲਵਿੰਦਰ ਸਿੰਘ ਸਿਓੜਾ, ਯੁਵਰਾਜ ਸਿੰਘ ਘੁਡਾਣੀ ਤੇ ਮੰਨਾ ਸਿੰਘ ਜੋਗੀਮਾਜਰਾ ਨੇ ਵੀ ਸੰਬੋਧਨ ਕੀਤਾ।