ਪੱਤਰ ਪ੍ਰੇਰਕ
ਸਮਰਾਲਾ, 21 ਜੁਲਾਈ
ਪੰਜਾਬ ਦੇ ਕਿਸਾਨਾਂ ਵੱਲੋਂ 31 ਜੁਲਾਈ ਨੂੰ ਐਲਾਨੇ ਗਏ ਰੇਲ ਰੋਕੋ ਅੰਦੋਲਨ ਦੀ ਤਿਆਰੀ ਨੂੰ ਲੈ ਕੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂਆਂ ਦੀ ਅਗਵਾਈ ਵਿੱਚ ਜ਼ਿਲਾਂ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵੱਡੀ ਗਿਣਤੀ ’ਚ ਹਾਜ਼ਰ ਕਿਸਾਨਾਂ ਨੇ ਫੈਸਲਾ ਕੀਤਾ ਕਿ, ਉਹ ਕੇਂਦਰ ਸਰਕਾਰ ਦੀਆਂ ਕਿਸਾਨ ਅਤੇ ਪੰਜਾਬ ਵਿਰੋਧੀ ਨੀਤੀਆਂ ਦਾ ਡੱਟ ਕੇ ਮੁਕਾਬਲਾ ਕਰਨਗੇ ਅਤੇ 31 ਜੁਲਾਈ ਦੇ ਰੇਲ ਰੋਕੋ ਅੰਦੋਲਨ ’ਚ ਵਧ ਚੜ੍ਹ ਕੇ ਸ਼ਾਮਲ ਹੋਣਗੇ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਸੂਬਾ ਉੱਪ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਨੇ ਆਖਿਆ ਕਿ, ਕੇਂਦਰ ਸਰਕਾਰ ਕਿਸਾਨੀ ਧਰਨੇ ਦੀ ਸਮਾਪਤੀ ਮੌਕੇ ਕੀਤੇ ਗਏ ਵਾਅਦਿਆਂ ਤੋਂ ਪੂਰੀ ਤਰਾਂ ਪਿੱਛੇ ਹੱਟ ਚੁੱਕੀ ਹੈ ਅਤੇ ਇਸ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਰੇਲਾਂ ਰੋਕਣਗੇ। ਇਸ ਤੋਂ ਇਲਾਵਾ 18 ਅਗਸਤ ਤੋਂ ਲਖੀਮਪੁਰ ਖੀਰੀ ’ਚ ਲਗਾਏ ਜਾ ਰਹੇ 75 ਘੰਟੇ ਦੇ ਧਰਨੇ ਵਿੱਚ ਪੰਜਾਬ ਦੇ ਕਿਸਾਨ ਬਹੁਤ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਇਨਾਂ ਆਗੂਆਂ ਨੇ ਆਖਿਆ ਕਿ ਦਿੱਲੀ ਧਰਨੇ ਦੀ ਸਮਾਪਤੀ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਮੁੜ ਤੋਂ ਅੰਦੋਲਨ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ। ਮੀਟਿੰਗ ਵਿੱਚ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।