ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਜਨਵਰੀ
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ’ਚ ਜਿੱਥੇ ਵੱਡਾ ਯੋਗਦਾਨ ਪਾਇਆ ਹੈ ਉੱਥੇ ਹੀ ਦੇਸ਼ ਦੀਆਂ ਸਰਹੱਦਾਂ ’ਤੇ ਕੁਰਬਾਨੀਆਂ ਦੇਣ ’ਚ ਵੀ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬ ਅੰਦਰ ਖੁੱਸੀ ਹੋਈ ਸਿਆਸੀ ਜ਼ਮੀਨ ਤਲਾਸ਼ ਰਹੀ ਭਾਰਤੀ ਜਨਤਾ ਪਾਰਟੀ ਹੁੰਗਾਰਾ ਨਾ ਮਿਲਣ ਕਰ ਕੇ ਪੰਜਾਬੀਆਂ ਨੂੰ ਬਦਨਾਮ ਕਰਨ ’ਤੇ ਉਤਾਰੂ ਹੋ ਗਈ ਹੈ। ਪ੍ਰਧਾਨ ਮੰਤਰੀ ਵਰਗੇ ਉੱਚ ਤੇ ਸਤਿਕਾਰਤ ਅਹੁਦੇ ’ਤੇ ਬੈਠ ਕੇ ਨਰਿੰਦਰ ਮੋਦੀ ਨੇ ਜੋ ਬਿਆਨ ਦਿੱਤਾ ਹੈ ਉਹ ਮੰਦਭਾਗਾ ਹੈ। ਜੇਕਰ ਕੋਈ ਮੋਦੀ ਵੱਲ ਉਂਗਲ ਕਰਦਾ ਹੈ ਤਾਂ ਪੰਜਾਬੀ ਉਸ ਦੀ ਉਂਗਲ ਤੋੜ ਦਿੰਦੇ ਅਤੇ ਜੇ ਕੋਈ ਅੱਖਾਂ ਦਿਖਾਉਂਦਾ ਤਾਂ ਪੰਜਾਬੀਆਂ ਨੇ ਅੱਖਾਂ ਹੀ ਕੱਢ ਲੈਣੀਆਂ ਸਨ ਪਰ ਬਿਨਾ ਕਿਸੇ ਦੇ ਨੇੜੇ ਫਟਕਣ ਤੋਂ ‘ਜਿਊਂਦਾ ਪਰਤ ਆਉਣ’ ਵਰਗੀ ਗੱਲ ਕਰਨਾ ਅਫਸੋਸਨਾਕ ਹੈ। ਉਹ ਇੱਥੇ ਨਵੀਂ ਦਾਣਾ ਮੰਡੀ ’ਚ 4.17 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਫੜ੍ਹ ਦਾ ਨੀਂਹ-ਪੱਥਰ ਰੱਖਣ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਲਖਵੀਰ ਸਿੰਘ ਪਾਇਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੀ ਉਨ੍ਹਾਂ ਦੇ ਨਾਲ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਭਾਜਪਾ ਫ਼ਿਰੋਜ਼ਪੁਰ ਰੈਲੀ ’ਚ ਇਕੱਠ ਨਹੀਂ ਕਰ ਸਕੀ ਜਿਸ ਨੂੰ ਲੁਕਾਉਣ ਲਈ ਉਸ ਨੇ ਗਲਤ ਰਾਜਨੀਤੀ ਦਾ ਰਾਹ ਫੜ ਲਿਆ ਹੈ। ਭਾਜਪਾ ਪੰਜਾਬੀਆਂ ਨੂੰ ਇਸ ਤਰ੍ਹਾਂ ਬਦਨਾਮ ਕਰਨਾ ਬੰਦ ਕਰੇ ਨਹੀਂ ਤਾਂ ਪੰਜਾਬੀ ਇਸ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ।
ਕਾਂਗਰਸੀ ਮੰਤਰੀਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਸ੍ਰੀ ਕੋਟਲੀ ਨੇ ਕਿਹਾ ਕਿ ਇਹ ਸਾਰੀਆਂ ਅਫਵਾਹਾਂ ਤੇ ਭਰਮ ਭਾਜਪਾ ਪੈਦਾ ਕਰ ਰਹੀ ਹੈ। ਚੋਣ ਰੈਲੀਆਂ ਵਾਲੀਆਂ ਸਟੇਜਾਂ ਤੋਂ ਉਮੀਦਵਾਰ ਐਲਾਨੇ ਜਾਣ ਦੀ ਪੈ ਰਹੀ ਪਿਰਤ ਬਾਰੇ ਉਨ੍ਹਾਂ ਆਖਿਆ ਕਿ ਉਮੀਦਵਾਰਾਂ ਦੀ ਚੋਣ ਲਈ ਕਈ ਕਮੇਟੀਆਂ ਬਣੀਆਂ ਹੋਈਆਂ ਹਨ ਜੋ ਪ੍ਰਕਿਰਿਆ ਮੁਕੰਮਲ ਕਰਦੀਆਂ ਹਨ ਅਤੇ ਹਾਈ ਕਮਾਂਡ ਹੀ ਉਮੀਦਵਾਰ ਦਾ ਐਲਾਨ ਕਰਦੀ ਹੈ, ਇਸ ਲਈ ਕਿਸੇ ਨੂੰ ਵੀ ਸਟੇਜਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਨਹੀਂ ਕਰਨਾ ਚਾਹੀਦਾ। ਸ੍ਰੀ ਕੋਟਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਇਕਜੁੱਟਤਾ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਦੇ ਸਿਰ ’ਤੇ ਦੁਬਾਰਾ ਸਰਕਾਰ ਬਣਾਏਗੀ। ਉਨ੍ਹਾਂ ਦੱਸਿਆ ਕਿ ਪੰਜ ਸਾਲਾਂ ’ਚ ਇਕ ਲੱਖ ਕਰੋੜ ਦਾ ਨਿਵੇਸ਼ ਹੋਇਆ ਹੈ।