ਸਤਵਿੰਦਰ ਬਸਰਾ
ਲੁਧਿਆਣਾ, 13 ਮਈ
ਸਥਾਨਕ ਕਿਲ੍ਹਾ ਰਾਏਪੁਰ ਦੇ ਪੋਲਟਰੀ ਫਾਰਮ ਵਿੱਚ ਬਰਡ ਫਲੂ ਦੇ ਲੱਛਣ ਆਉਣ ਤੋਂ ਬਾਅਦ ਮੁਰਗੀਆਂ ਮਾਰਨ ਦੀ ਸ਼ੁਰੂ ਕੀਤੀ ਕਾਰਵਾਈ ਅੱਜ ਖਤਮ ਹੋ ਗਈ। ਪੰਜ ਦਿਨ ਚੱਲੀ ਇਸ ਕਾਰਵਾਈ ਦੌਰਾਨ ਕੁੱਲ 60,268 ਮੁਰਗੀਆਂ ਨੂੰ ਮਾਰ ਕੇ ਮਿੱਟੀ ਵਿੱਚ ਦੱਬਿਆ ਗਿਆ। ਇਸ ਕਾਰਵਾਈ ਦੇ ਅੱਜ ਆਖਰੀ ਦਿਨ 10,128 ਮੁਰਗੀਆਂ ਮਾਰੀਆਂ ਗਈਆਂ। ਕਿਲ੍ਹਾ ਰਾਏਪੁਰ ਦੇ ਸੂਬਾ ਸਿੰਘ ਪੋਲਟਰੀ ਫਾਰਮ ਵਿੱਚ ਬਰਡ ਫਲੂ ਦੇ ਲੱਛਣ ਆਉਣ ਤੋਂ ਪੰਜਾਬ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਹਰਕਤ ਵਿੱਚ ਆਉਂਦਿਆਂ ਬੀਤੀ 9 ਮਈ ਨੂੰ ਕਾਰਵਾਈ ਸ਼ੁਰੂ ਕੀਤੀ ਗਈ ਸੀ। ਕਰੀਬ ਪੰਜ ਦਿਨ ਚੱਲੀ ਇਸ ਕਾਰਵਾਈ ਵਿੱਚ ਕੁੱਲ 60,268 ਮੁਰਗੀਆਂ ਨੂੰ ਮਾਰ ਕਿ ਮਿੱਟੀ ਵਿੱਚ ਦੱਬਿਆ ਗਿਆ। ਇਸ ਤੋਂ ਇਲਾਵਾ 11,523 ਆਂਡੇ ਵੀ ਨਸ਼ਟ ਕੀਤੇ ਗਏ। ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਕਾਰਵਾਈ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਅੱਜ ਮੁਕੰਮਲ ਕਰ ਲਈ ਗਈ ਹੈ। ਪੰਜ ਦਿਨ ਚੱਲੀ ਇਸ ਕਾਰਵਾਈ ਦੇ ਅੱਜ ਆਖਰੀ ਦਿਨ 10,128 ਮੁਰਗੀਆਂ ਨੂੰ ਮਾਰਿਆ ਗਿਆ ਜਦਕਿ 111 ਆਂਡੇ ਨਸ਼ਟ ਕੀਤੇ ਗਏ। ਡਾ. ਵਾਲੀਆ ਨੇ ਇਸ ਸਾਰੀ ਕਾਰਵਾਈ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਹੋਰ ਸਹਿਯੋਗੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਉਨਾਂ ਇਹ ਵੀ ਦੱਸਿਆ ਕਿ ਸ਼ੁੱਕਰਵਾਰ ਤੋਂ ਪੋਲਟਰੀ ਫਾਰਮ ਵਿੱਚ ਰੱਖੀ ਮੁਰਗੀਆਂ ਦੀ ਫੀਡ ਅਤੇ ਹੋਰ ਸਮੱਗਰੀ ਨਸ਼ਟ ਕੀਤੀ ਜਾਵੇਗੀ। ਉਸ ਤੋਂ ਬਾਅਦ ਪੋਲਟਰੀ ਫਾਰਮ ਨੂੰ ਕਿਟਾਣੂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਹਾਜ਼ਰ ਸਾਰੇ ਸਟਾਫ ਦੇ ਆਰਟੀਪੀਸੀਆਰ ਟੈਸਟ ਕੀਤੇ ਗਏ ਅਤੇ ਇਹ ਸਾਰੇ ਨੈਗਟਿਵ ਪਾਏ ਗਏ।