ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 27 ਸਤੰਬਰ
ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵੱਖ ਵੱਖ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਬੰਧ ਵਿੱਚ ਸਾਈਕਲ ਰੈਲੀ ਕੱਢੀ ਗਈ। ਜਿਸ ਦੌਰਾਨ ਨੌਜਵਾਨਾਂ ਅਤੇ ਬੱਚਿਆਂ ਨੇ ਇਲਾਕੇ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘਦੇ ਹੋਏ ਦੇਸ਼ ਭਗਤੀ ਦੇ ਨਾਅਰੇ ਲਗਾਏ ਅਤੇ ਆਮ ਲੋਕਾਂ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ।
ਇਸ ਰੈਲੀ ਨੂੰ ਐੱਸਡੀਐੱਮ ਹਰਬੰਸ ਸਿੰਘ ਨੇ ਰਵਾਨਾ ਕੀਤਾ। ਇਹ ਰੈਲੀ ਨੌਜਵਾਨ ਆਗੂ ਰੂਬਲ ਗੱਜਣਮਾਜਰਾ ਦੀ ਅਗਵਾਈ ਵਿੱਚ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਈ। ਡੀਐੱਸਪੀ ਰਣਜੀਤ ਸਿੰਘ ਨੇ ਰੇਲਵੇ ਸਟੇਸ਼ਨ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕੀਤੀ।
ਐੱਸਡੀਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਹੀ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਨੌਜਵਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸ਼ਹੀਦ ਦੇ ਜੀਵਨ ਅਤੇ ਵਿਚਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਨਸ਼ਾ ਰਹਿਤ ਜੀਵਨ ਨੂੰ ਅਪਣਾਉਣ ਦਾ ਸੱਦਾ ਦੇਣ ਦੇ ਮਕਸਦ ਨਾਲ ਸਕੂਲਾਂ ਵਿਚ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਪੋਸਟਰਾਂ ਰਾਹੀਂ ਉਨ੍ਹਾਂ ਦੇ ਜੀਵਨ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਅੱਜ ਦੀ ਰੈਲੀ ਸਣੇ ਵੱਖ-ਵੱਖ ਗਤੀਵਿਧੀਆਂ ਵਿੱਚ ਸਕੂਲਾਂ, ਕਾਲਜਾਂ, ਸਾਈਕਲਿੰਗ ਗੁਰੱਪਾਂ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ, ਕਲੱਬਾਂ ਦੇ ਮੈਂਬਰਾਂ ਅਤੇ ਨੇ ਵੀ ਹਿੱਸਾ ਲਿਆ।
ਇਸ ਮੌਕੇ ਪ੍ਰਿੰਸੀਪਲ ਵਿਨੇ ਗੋਇਲ, ਕੌਂਸਲਰ ਵਿਕਾਸ ਸ਼ਰਮਾ, ਅਜੈ ਜੈਨ, ਮੁਨੀਸ਼ ਸ਼ਰਮਾ, ਹਰਮੇਸ਼ ਪਾਲ ਗੁਰਮ ਅਤੇ ਵਰਿੰਦਰ ਜੈਨ ਵੀ ਹਾਜ਼ਰ ਸਨ।