ਸੰਤੋਖ ਗਿੱਲ
ਗੁਰੂਸਰ ਸੁਧਾਰ, 5 ਜੁਲਾਈ
ਭਾਰਤਮਾਲਾ ਪ੍ਰਾਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਖੋਹੇ ਜਾਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਵੱਲੋਂ ਪਿੰਡ ਕੋਟ ਆਗਾ ਵਿੱਚ 10ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਕਿਸਾਨ ਆਗੂ ਜਗਦੀਸ਼ ਸਿੰਘ ਤਰਨ ਤਾਰਨ, ਗੁਰਿੰਦਰ ਸਿੰਘ ਜੁੜਾਹਾਂ, ਰਜਿੰਦਰ ਸਿੰਘ ਸਿਆੜ ਅਤੇ ਦਰਸ਼ਨ ਸਿੰਘ ਮਲੇਰਕੋਟਲਾ ਨੇ ਕਿਹਾ ਕਿ ਖੇਤੀ ਹੇਠ ਤੇਜ਼ੀ ਨਾਲ ਜ਼ਮੀਨ ਘਟ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਬੇਰੋਕ ਮੁਨਾਫ਼ੇ ਲਈ ਬੇਲੋੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ।
ਇਸ ਮੌਕੇ ਹਾਜ਼ਰ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਕੁਲਦੀਪ ਸਿੰਘ ਗੁੱਜਰਵਾਲ ਨੇ ਕਿਹਾ ਕਿ ਦੁਨੀਆ ਅੰਨ ਸੰਕਟ ਵੱਲ ਵਧ ਰਹੀ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪੰਜਾਬ ਦੀ ਉਪਜਾਊ ਜ਼ਮੀਨ ਕੌਡੀਆਂ ਦੇ ਭਾਅ ਲੁੱਟ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਚਿਤ ਮੁਆਵਜ਼ੇ ਬਿਨਾਂ ਜ਼ਮੀਨ ਵਿੱਚ ਕਿਸੇ ਨੂੰ ਪੈਰ ਨਹੀਂ ਧਰਨ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਰਾਜਨੀਤਕ ਪਾਰਟੀਆਂ ਵੱਲੋਂ ਇਸ ਮਾਮਲੇ ਵਿੱਚ ਧਾਰੀ ਚੁੱਪ ’ਤੇ ਹੈਰਾਨੀ ਪ੍ਰਗਟ ਕੀਤੀ।